ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 9 ਸਤੰਬਰ
ਡੱਬਵਾਲੀ ਹਲਕੇ ’ਚ ਚੌਟਾਲਾ ਪਰਿਵਾਰ ਵਿਚਲੀ ਤਿਕੋਨੀ ਸਿਆਸੀ ਜੰਗ ਦਾ ਅੱਜ ਆਗਾਜ਼ ਹੋ ਗਿਆ। ਇਸ ਤਹਿਤ ਇਨੈਲੋ-ਬਸਪਾ ਦੇ ਸਾਂਝੇ ਉਮੀਦਵਾਰ ਆਦਿਤਿਆ ਚੌਟਾਲਾ ਨੇ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ। ਉਨ੍ਹਾਂ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਹਨ। ਇਨ੍ਹਾਂ ਵਿੱਚ ਅੰਕਿਤ ਕੁਮਾਰ ਵਾਸੀ ਵਾਰਡ 2 ਡੱਬਵਾਲੀ ਅਤੇ ਰਾਜੇਸ਼ ਕੁਮਾਰ ਵਾਸੀ ਔਢਾਂ ਸ਼ਾਮਲ ਹਨ। ਆਦਿਤਿਆ ਵੱਲੋਂ ਨਾਮਜ਼ਦਗੀ ਦਾਖਲ ਕਰਨ ਮੌਕੇ ਉਨ੍ਹਾਂ ਦੇ ਮਰਹੂਮ ਪਿਤਾ ਚੌਧਰੀ ਜਗਦੀਸ਼ ਦੇ ਵੱਡੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਨਵਾਂ ਸ਼ਹਿਰ ਤੋਂ ਬਸਪਾ ਵਿਧਾਇਕ ਨਛੱਤਰਪਾਲ, ਇਨੈਲੋ ਦੇ ਸੀਨੀਅਰ ਆਗੂ ਸੰਦੀਪ ਚੌਧਰੀ ਤੇ ਹਲਕਾ ਪ੍ਰਧਾਨ ਵਿਨੋਦ ਅਰੋੜਾ ਵੀ ਮੌਜੂਦ ਸਨ। ਨਾਮਜ਼ਦਗੀ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਚੋਰਮਾਰ ਸਾਹਿਬ ਨਤਮਸਤਕ ਹੋਏ ਅਤੇ ਲੋਕਸੇਵਾ ਲਈ ਜਿੱਤ ਦੀ ਅਰਦਾਸ ਕੀਤੀ।
ਇਸ ਮਗਰੋਂ ਉਹ ਰਾਮਪੁਰਾ ਬਿਸ਼ਨੋਈਆਂ ’ਚ ਗੋਗੀ ਮੇੜੀ ਮੰਦਿਰ, ਪਿੰਡ ਰਾਮਗੜ੍ਹ ਵਿੱਚ ਸ਼ਿਵਜੀ ਮੰਦਿਰ ਅਤੇ ਪਿੰਡ ਚੌਟਾਲਾ ਵਿੱਚ ਭੋਲਾ ਗਿਰੀ ਜੀ ਡੇਰੇ ਅਤੇ ਭੋਮਿਆ ਜੀ ਮੰਦਿਰ ਵਿਖੇ ਨਤਮਸਤਕ ਹੋਏ। ਉਪਰੰਤ ਆਦਿਤਿਆ ਚੌਟਾਲਾ ਨੇ ਮਰਹੂਮ ਦਾਦਾ ਜਨਨਾਇਕ ਚੌਧਰੀ ਦੇਵੀ ਲਾਲ ਦੀ ਜਨਮਸਥਲੀ ਤੇਜਾਖੇੜਾ ਵਿੱਚ ਨਤਮਸਤਕ ਹੋ ਕੇ ਉਨ੍ਹਾਂ ਦੇ ਵਿਖਾਏ ਰਾਹਾਂ ’ਤੇ ਚੱਲਣ ਦਾ ਅਹਿਦ ਲਿਆ। ਪਰਿਵਾਰਕ ਸੂਤਰਾਂ ਮੁਤਾਬਕ ਆਦਿਤਿਆ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਭਾਵਨਾ ਚੌਟਾਲਾ ਵੱਲੋਂ ਕਾਗਜ਼ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਦਸ ਵਰ੍ਹੇ ਭਾਜਪਾ ’ਚ ਬਿਤਾਉਣ ਮਗਰੋਂ ਟਿਕਟ ਨਾ ਮਿਲਣ ’ਤੇ ਆਦਿੱਤਿਆ ਬੀਤੇ ਦਿਨ ਵੱਡੀ ਗਿਣਤੀ ਸਮਰਥਕਾਂ ਨਾਲ ਇਨੈਲੋ ਵਿੱਚ ਸ਼ਾਮਲ ਹੋਏ ਸਨ।
ਅੱਜ ਸ਼ਕਤੀ ਪ੍ਰਦਰਸ਼ਨ ਕਰਕੇ ਕਾਗਜ਼ ਦਾਖ਼ਲ ਕਰਨਗੇ ਦਿਗਵਿਜੈ ਚੌਟਾਲਾ
ਜਜਪਾ ਅਤੇ ਏਐੱਸਪੀ ਗੱਠਜੋੜ ਦੇ ਸਾਂਝੇ ਉਮੀਦਵਾਰ ਦਿਗਵਿਜੈ ਭਲਕੇ 10 ਸਤੰਬਰ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ। ਨਾਮਜ਼ਦਗੀ ਤੋਂ ਪਹਿਲਾਂ ਉਹ ਡੱਬਵਾਲੀ ਦੇ ਬਾਜ਼ਾਰ ਵਿੱਚ ਹਜ਼ਾਰਾਂ ਜਜਪਾ ਕਾਰਕੁਨਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਹਰਿਆਣਾ-ਪੰਜਾਬ ਹੱਦ ’ਤੇ ਸਥਿਤ ਚੌਧਰੀ ਦੇਵੀਲਾਲ ਸਮਾਰਕ ਅੱਗੇ ਇਕੱਠ ਕੀਤਾ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਦਿਗਵਿਜੈ ਦੇ ਨਾਮਜ਼ਦਗੀ ਦਾਖਲ ਕਰਨ ਮੌਕੇ ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ, ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਏਐੱਸਪੀ (ਕਾਂਸ਼ੀਰਾਮ) ਦੇ ਪ੍ਰਧਾਨ ਚੰਦਰਸ਼ੇਖਰ ਅਤੇ ਵਿਧਾਇਕ ਨੈਨਾ ਸਿੰਘ ਚੌਟਾਲਾ ਮੌਜੂਦ ਰਹਿਗੇ।