ਸਿਰਸਾ (ਪ੍ਰਭੂ ਦਿਆਲ): ਰਣਜੀਤ ਕਤਲ ਕੇਸ ’ਚ ਡੇਰਾ ਮੁਖੀ ਸਣੇ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਡੇਰਾ ਸਿਰਸਾ ਵਿੱਚ ਸਾਰਾ ਦਿਨ ਸੁੰਨ ਪਸਰੀ ਰਹੀ। ਡੇਰੇ ਦੀ ਸੱਚ ਮਾਰਕੀਟ ਸਣੇ ਸਿੱਖਿਆ ਅਤੇ ਸਨਅਤ ਇਕਾਈਆਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਡੇਰੇ ਨੂੰ ਜਾਣ ਵਾਲੇ ਰਾਹਾਂ ’ਤੇ ਪੁਲੀਸ ਵੱਲੋਂ ਨਾਕੇ ਲਾਏ ਹੋਏ ਸਨ।ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਣੇ ਪੰਜ ਮੁਲਜ਼ਮਾਂ ਨੂੰ ਬੀਤੀ 8 ਅਕਤੂਬਰ ਨੂੰ ਪੰਚਕੂਲਾ ਸਥਿਤ ਸੀਬੀਆਈ ਅਦਾਲਤ ਵੱਲੋਂ ਰਣਜੀਤ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਵੱਲੋਂ 12 ਅਕਤੂਬਰ ਸਜ਼ਾ ਸੁਣਾਏ ਜਾਣ ਦੀ ਤਾਰੀਕ ਮੁਕਰਰ ਕੀਤੀ ਗਈ ਸੀ ਪਰ ਹੁਣ ਸਜ਼ਾ ਸੁਣਾਏ ਜਾਣ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ। ਅੱਜ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਡੇਰੇ ਦੀ ਸੱਚ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੀ। ਸਕੂਲ ਅਤੇ ਸਨਅਤੀ ਅਦਾਰੇ ਵੀ ਬੰਦ ਰਹੇ।