ਪੱਤਰ ਪ੍ਰੇਰਕ
ਫਰੀਦਾਬਾਦ, 3 ਨਵੰਬਰ
ਪੁਲੀਸ ਨੇ ਪਿੰਡ ਨੀਮਕਾ ਦੇ ਜ਼ਮੀਨੀ ਵਿਵਾਦ ਵਿਚ ਹੋਏ ਕਤਲ ਸਬੰਧੀ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਰਿੰਦਰ ਪੁੱਤਰ ਜੀਤ ਸਿੰਘ ਵਾਸੀ ਨੀਮਕਾ ਨੇ ਪੁਲੀਸ ਚੌਕੀ ਆਈਐੱਮਟੀ ਬੱਲਬਗੜ੍ਹ ਨੂੰ ਸ਼ਿਕਾਇਤ ਦਿੱਤੀ ਸੀ ਕਿ ਕਰੀਬ 45 ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਉਸ ਦੇ ਖੇਤ ਦੇ ਨਹਿਰੀ ਪਾਣੀ ਦੀ ਨਿਕਾਸੀ ਕੱਟ ਦਿੱਤੀ ਸੀ। ਪਹਿਲੀ ਨਵੰਬਰ ਨੂੰ ਉਹ ਆਪਣੇ ਭਰਾ ਕਵਿੰਦਰ, ਪਿਤਾ ਜੀਤ ਸਿੰਘ ਅਤੇ ਚਾਚੇ ਦੇ ਪੁੱਤਰ ਰਣਮਸਤ ਨਾਲ ਡਰੇਨ ਬਣਾ ਰਿਹਾ ਸੀ। ਇਸ ਮੌਕੇ ਰਮੇਸ਼, ਦਵਿੰਦਰ, ਕੇਸ਼ਰਾਮ, ਟਿੰਕੂ ਨੇ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੇ ਬੱਬੇ ਵਾਸੀ ਮੇਮੜੀ ਅਤੇ ਹੋਰ 5/6 ਵਿਅਕਤੀ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਹੋਰਨਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਲੜਾਈ ਸ਼ੁਰੂ ਹੋ ਗਈ। ਲੜਾਈ ਦੌਰਾਨ ਉਨ੍ਹਾਂ ਨੇ ਕਵਿੰਦਰ ਦੇ ਸਿਰ ‘ਤੇ ਬੇਲਚੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਿਆ। ਰੌਲਾ ਪੈਣ ’ਤੇ ਸਾਰੇ ਮੌਕੇ ਤੋਂ ਭੱਜ ਗਏ।
ਕੇਵਿੰਦਰ ਨੂੰ ਇਲਾਜ ਲਈ ਸਰਵੋਦਿਆ ਹਸਪਤਾਲ ਸੈਕਟਰ 8, ਫਰੀਦਾਬਾਦ ਲਿਆਂਦਾ। ਮਗਰੋਂ ਹਾਲਤ ਵਿਗੜਣ ’ਤੇ ਟਰੌਮਾ ਸੈਂਟਰ ਦਿੱਲੀ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਬੱਲਬਗੜ੍ਹ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਕੇਸ਼ਰਾਮ (77) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਪਿੰਡ ਨੀਮਕਾ ਦਾ ਰਹਿਣ ਵਾਲਾ ਹੈ। ਪੁੱਛਗਿੱਛ ਮਗਰੋਂ ਮੁਲਜ਼ਮ ਨੂੰ 1 ਦਿਨ ਦੇ ਰਿਮਾਂਡ ’ਤੇ ਲਿਆ ਗਿਆ।