ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ)
ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ ਨਾਮਜ਼ਦਗੀਆਂ ਦੇ ਤੀਜੇ ਦਿਨ ਲਾਡਵਾ ਤੇ ਪਿਹੋਵਾ ਤੋਂ ਇਕ ਇਕ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਭਰੇ। ਲਾਡਵਾ ਹਲਕੇ ਤੋਂ ਆਜ਼ਾਦ ਉਮੀਦਵਾਰ ਰਾਮ ਚੰਦਰ ਵਾਸੀ ਬੜੌਦੀ ਤੇ ਪਿਹੋਵਾ ਤੋਂ ਪਿੰਡ ਇਸਮਾਈਲਾਬਾਦ ਦੇ ਰਹਿਣ ਵਾਲੇ ਰਜਤ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫਾਰਮ ਆਰਓ ਦਫਤਰ ਵਿੱਚ 12 ਸਤੰਬਰ ਤੱਕ 11 ਤੋਂ 3 ਵਜੇ ਤਕ ਜਮ੍ਹਾਂ ਹੋ ਸਕਦੇ ਹਨ। 8 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪਰਚੇ ਨਹੀਂ ਭਰੇ ਜਾ ਸਕਦੇ।
ਜ਼ਿਲ੍ਹਿਆਂ ਵਿੱਚ ਪੁਲੀਸ ਤੇ ਅਰਧ ਸੈਨਿਕ ਬਲ ਤਾਇਨਾਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਜ਼ਿਲ੍ਹਾ ਪੁਲੀਸ ਕਪਤਾਨ ਵਰੁਣ ਸਿੰਗਲਾ ਨੇ ਵਿਧਾਨ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਥਾਣਾ ਤੇ ਚੌਕੀਆਂ ਇੰਚਾਰਜਾਂ ਨੂੰ ਦਿਨ ਰਾਤ ਚੌਕਸੀ ਰਖੱਣ ਦੇ ਹੁਕਮ ਜਾਰੀ ਕੀਤੇ। ਜ਼ਿਲ੍ਹਾ ਪੁਲੀਸ ਕਪਤਾਨ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ,ਨਿਰਪੱਖ ਤੇ ਆਜ਼ਾਦ ਚੋਣ ਪ੍ਰਕਿਰਿਆ ਵਿੱਚ ਪੁਲੀਸ ਦਾ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਤੋਂ ਇਲਾਵਾ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹੇ ਭਰ ਵਿੱਚ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ।