ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਦਸੰਬਰ
ਅੰਤਰਰਾਸ਼ਟਰੀ ਗੀਤਾ ਮਹਾਉਤਸਵ ਵਿੱਚ ਸ਼ਿਲਪਕਾਰਾਂ ਦਾ ਹੁਨਰ ਤੇ ਸ਼ਿਲਪਕਲਾ ਦੇ ਨਾਲ ਹਰਿਆਣਾ ਪਵੇਲੀਅਨ ਦੇ ਲਜ਼ੀਜ਼ ਖਾਣੇ ਸੈਲਾਨੀਆਂ ਨੂੰ ਰਿਝਾਉਣਗੇ। ਹਿੰਦੁਸਤਾਨ ਦੇ ਸਭ ਤੋਂ ਵੱਡੇ ਤਿੰਨ ਪਰੌਂਠੇ ਖਾਣ ਵਾਲੇ ਮਾਲਾ ਮਾਲ ਹੋ ਜਾਣਗੇ। ਹਰਿਆਣਾ ਕਲਾ ਤੇ ਸੰਸਕ੍ਰਿਤਕ ਵਿਭਾਗ ਦੇ ਹੱਥਾਂ ਵਿਚ ਪਹਿਲੀ ਵਾਰ ਹਰਿਆਣਾ ਪਵੇਲੀਅਨ ਦੀ ਕਮਾਨ ਹੋਵੇਗੀ। ਪਵੇਲੀਅਲ ਵਿੱਚ ਭੀਮ ਰਸੋਈ ਵਿੱਚ ਲਜ਼ੀਜ਼ ਖਾਣਿਆਂ ਦੇ ਨਾਲ ਹਰਿਆਣਵੀਂ ਖਾਣੇ ਵੀ ਮਿਲਣਗੇ। ਹਰਿਆਣਾ ਕਲਾ ਤੇ ਸੰਸਕ੍ਰਿਤਕ ਵਿਭਾਗ ਦੀ ਨਿਦਰੇਸ਼ਕਾ ਪ੍ਰਤਿਮਾ ਚੌਧਰੀ ਦਾ ਕਹਿਣਾ ਹੈ ਕਿ ਪੁਰਸ਼ੋਤਮ ਪੁਰਾ ਬਾਗ ਵਿੱਚ ਬਣਾਏ ਜਾਣ ਵਾਲੇ ਹਰਿਆਣਾ ਪਵੇਲੀਅਨ ਵਿੱਚ ਹਰਿਆਣਾ ਸੱਭਿਆਚਾਰ ਦੀ ਝਲਕ ਦਿਖਾਈ ਦੇਵੇਗੀ। ਭੀਮ ਰਸੋਈ ਵਿੱਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਰੌਂਠਾ ਜਿਸ ਵਿੱਚ ਤਿੰਨ ਪਰੌਂਠੇ ਖਾਣ ’ਤੇ ਇਕ ਲੱਖ ਰੁਪਏ ਨਕਦ ਤੇ ਬੁਲਟ ਮੋਟਰ ਸਾਈਕਲ ਇਨਾਮ ਵਿੱਚ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਠੰਢ ਵਿੱਚ ਸੈਲਾਨੀ ਕੁੱਲੜ ਦੀ ਚਾਹ ਦੀ ਚੁਸਕੀ ਦਾ ਆਨੰਦ ਮਾਨਣਗੇ ਤੇ ਤੀਜ ਤਿਉਹਾਰਾਂ ’ਤੇ ਬਨਣ ਵਾਲੇ ਪਕਵਾਨ ਮਾਲ ਪੂੜਿਆਂ ਦਾ ਸੁਆਦ ਵੀ ਚਖਣਗੇ। ਸੂਬਾ ਸਰਕਾਰ ਦੇ ਵਿਸ਼ੇਸ਼ ਪ੍ਰਚਾਰ ਸੈੱਲ ਦੇ ਓਐੱਸਡੀ ਗਜੇਂਦਰ ਫੋਗਾਟ ਨੇ ਦੱਸਿਆ ਕਿ ਹਰਿਆਣਾ ਪਵੇਲੀਅਨ ਹਰਿਆਣਵੀਂ ਸੱਭਿਆਚਾਰ, ਖਾਣ-ਪੀਣ ਪਹਿਰਾਵੇ ਦੇ ਨਾਲ ਦੰਗਲ ਵਿੱਚ ਪਹਿਲਵਾਨਾਂ ਵੱਲੋਂ ਜ਼ੋਰ ਅਜਮਾਇਸ਼ ਵੀ ਕੀਤੀ ਜਾਏਗੀ। ਇਸ ਦੇ ਨਾਲ ਹੀ ਭੀਮ ਰਸੋਈ ਵਿੱਚ ਹੱਥ ਰਾਹੀਂ ਕੱਢੇ ਗਏ ਖੋਏ ਦੀ ਬਰਫੀ, ਗੋਹਾਨਾ ਦੇ ਜਲੇਬੀ, ਸੁਹਾਲੀ, ਗੁਲਗਲੇ ਤੇ ਕਈ ਹੋਰ ਪਕਵਾਨਾਂ ਦਾ ਸੁਆਦ ਵੀ ਸੈਲਾਨੀ ਚਖਣਗੇ।