ਨਿੱਜੀ ਪੱਤਰ ਪ੍ਰੇਰਕ
ਸਿਰਸਾ, 27 ਨਵੰਬਰ
ਇਥੋਂ ਦੀ ਸਿਵਲ ਲਾਈਨਜ਼ ਥਾਣਾ ਪੁਲੀਸ ਨੇ ਇਕ ਨੌਜਵਾਨ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਏਅਰ ਪੋਰਟ ਤੋਂ ਕਾਬੂ ਕਰ ਲਿਆ। ਨੌਜਵਾਨ ਦਾ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ। ਲਾੜੀ ਨੂੰ ਨਾਲ ਲੈ ਕੇ ਜਾਣ ਲਈ ਉਹ ਉਸ ਤੋਂ ਤੀਹ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਸਿਵਲ ਲਾਈਨਜ਼ ਥਾਣਾ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਬੇਬੀ ਸਿਮਰੋ ਨੇ ਦੱਸਿਆ ਕਿ ਵਿਆਹ ਤੋਂ ਦੋ-ਤਿੰਨ ਦਿਨ ਬਾਅਦ ਹੀ ਸਾਹਿਲ ਨੇ ਉਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਮਾਪਿਆਂ ਤੋਂ 30 ਲੱਖ ਰੁਪਏ ਲੈ ਕੇ ਦੇਵੇ। ਜਦੋਂ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਤਾਂ ਸਾਹਿਲ ਉਸ ਨੂੰ ਇਥੇ ਹੀ ਛੱਡ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਲਈ। ਲੜਕੀ ਨੇ ਇਸ ਦੀ ਸ਼ਿਕਾਇਤ ਸਿਵਲ ਲਾਈਨ ਪੁਲੀਸ ਥਾਣੇ ਕੋਲ ਕੀਤੀ ਤਾਂ ਲੰਘੀ ਰਾਤ ਸਿਵਲ ਲਾਈਨ ਪੁਲੀਸ ਥਾਣਾ ਪੁਲੀਸ ਨੇ ਸਾਹਿਲ ਖੁਰਾਣਾ ਨੂੰ ਕੈਨੇਡਾ ਦੇ ਜਹਾਜ਼ ਚੜ੍ਹਨ ਤੋਂ ਪਹਿਲਾਂ ਕਾਬੂ ਕਰ ਲਿਆ।