ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 1 ਮਈ
ਫਰੀਦਾਬਾਦ ਵਿੱਚ ਅੱਜ ‘ਵਿਪਕਸ਼ ਆਪ ਕੇ ਸਮਕਸ਼’ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਭਾਜਪਾ-ਜੇਜੇਪੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਅੱਜ ਫਰੀਦਾਬਾਦ ਸਮੇਤ ਪੂਰੇ ਹਰਿਆਣਾ ਦੇ ਲੋਕ ਬਿਜਲੀ ਸੰਕਟ ਤੋਂ ਪ੍ਰੇਸ਼ਾਨ ਹਨ।
ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਚਾਰ ਪਾਵਰ ਪਲਾਂਟ ਤੇ ਇੱਕ ਪਰਮਾਣੂ ਪਲਾਂਟ ਸਥਾਪਤ ਕੀਤਾ ਸੀ। ਉਨ੍ਹਾਂ ਨੇ ਹਰਿਆਣਾ ਵਿੱਚ ਬਿਜਲੀ ਦੀ ਉਪਲਬਧਤਾ ਨੂੰ ਚਾਰ ਹਜ਼ਾਰ ਤੋਂ 11 ਹਜ਼ਾਰ ਮੈਗਾਵਾਟ ਤੱਕ ਲਿਆਂਦੀ ਸੀ। ਅੱਜ ਵੀ ਹਰਿਆਣਾ ਨੂੰ ਵੱਧ ਤੋਂ ਵੱਧ 8000-8500 ਮੈਗਾਵਾਟ ਬਿਜਲੀ ਦੀ ਲੋੜ ਹੈ।, ਪਰ ਮੌਜੂਦਾ ਸਰਕਾਰ ਅੱਠ ਸਾਲ ਬਾਅਦ ਵੀ ਸੂਬੇ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ। ਨਵੇਂ ਪਾਵਰ ਪਲਾਂਟ ਲਗਾਉਣ ਨਾਲ ਪਹਿਲਾਂ ਤੋਂ ਸਥਾਪਤ ਪਾਵਰ ਪਲਾਂਟਾਂ ਤੋਂ ਵੀ ਉਤਪਾਦਨ ਬੰਦ ਹੋ ਗਿਆ। ਸਰਕਾਰ ਨੂੰ ਬਿਜਲੀ ਦੀ ਸਮੱਸਿਆ ਬਾਰੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਯਾਦ ਦਿਵਾਇਆ ਕਿ 2005 ’ਚ ਹਰਿਆਣਾ ਨੂੰ ਸਿੱਖਿਆ ਦਾ ਹੱਬ ਬਣਾਉਣ ਦਾ ਫੈਸਲਾ ਕੀਤਾ ਤੇ ਸਰਬੋਤਮ ਯੂਨੀਵਰਸਿਟੀਆਂ, ਕਾਲਜਾਂ ਤੇ ਉੱਚ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ। ਸੂਬਾ ਪ੍ਰਧਾਨ ਚੌਧਰੀ ਉਦੈਭਾਨ ਨੇ ਕਿਹਾ ਕਿ ਸਰਕਾਰ ਅਡਾਨੀ ਗਰੁੱਪ ਨਾਲ 2.94 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1424 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਲਈ ਕੀਤੇ ਸਮਝੌਤੇ ਤੋਂ ਵੀ ਫੇਲ੍ਹ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੀ ਗੱਠਜੋੜ ਸਰਕਾਰ ਨੇ ਹਰਿਆਣਾ ਦੀ ਬਿਜਲੀ ਗੁਜਰਾਤ ਨੂੰ ਮੁਫ਼ਤ ਦਿੱਤੀ।