ਜਗਤਾਰ ਸਮਾਲਸਰ
ਏਲਨਾਬਾਦ, 7 ਅਕਤੂਬਰ
ਏਲਨਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਆਉਣ ਵਾਲੀ 30 ਅਕਤੂਬਰ ਨੂੰ ਹੋਣੀ ਤੈਅ ਹੋਈ ਹੈ। ਇਸ ਸਬੰਧੀ ਅੱਜ ਆਪਣਾ ਪਰਚਾ ਦਾਖਲ ਕਰਨ ਲਈ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਪਹੁੰਚੇ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ ਕਿਸਾਨਾਂ ਦੇ ਭਾਰੀ ਵਿਰੋਧੀ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੂੰ ਇਸ ਸਬੰਧੀ ਬੀਤੇ ਕੱਲ੍ਹ ਹੀ ਸੂਚਨਾ ਮਿਲ ਗਈ ਸੀ ਤੇ ਅੱਜ ਸਵੇਰੇ 9 ਵਜੇ ਹੀ ਤਹਿਸੀਲ ਸਾਹਮਣੇ ਕਿਸਾਨ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ, ਕਾਂਡਾ ਕਰੀਬ 12 ਵਜੇ ਏਲਨਾਬਾਦ ਪਹੁੰਚੇ ਜਿਸ ਮਗਰੋਂ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਗੋਬਿੰਦ ਕਾਂਡਾ ਦਾ ਵਿਰੋਧ ਕਰਨ ਲਈ ਪਹੁੰਚੇ ਕਿਸਾਨਾਂ ਨੂੰ ਰੋਕਣ ਲਈ ਸਿਰਸਾ ਰੋਡ ਨੂੰ ਬੈਰੀਕੇਡ ਲਾ ਕੇ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ। ਜ਼ਿਲ੍ਹਾ ਪੁਲੀਸ ਕਪਤਾਨ ਅਰਪਿਤ ਜੈਨ ਤੇ ਡੀਸੀ ਅਨੀਸ਼ ਯਾਦਵ ਦੀ ਅਗਵਾਈ ਹੇਠ ਰੈਪਿਡ ਐਕਸ਼ਨ ਫੋਰਸ, ਪੁਲੀਸ ਦੇ ਜਵਾਨ ਅਤੇ ਮਹਿਲਾ ਪੁਲੀਸ ਵੱਡੀ ਗਿਣਤੀ ਵਿੱਚ ਸਵੇਰ ਤੋਂ ਹੀ ਮੌਜੂਦ ਸੀ। ਪੁਲੀਸ ਵੱਲੋਂ ਅੱਥਰੂ ਗੈਸ ਛੱਡਣ ਲਈ ਗੱਡੀਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਗੋਬਿੰਦ ਕਾਂਡਾ ਨੇ ਆਪਣਾ ਪਰਚਾ ਦਾਖ਼ਲ ਕਰਨ ਤੋਂ ਬਾਅਦ ਸ਼ਹਿਰ ਦੇ ਅੰਬੇਦਕਰ ਚੌਕ ਵਿੱਚ ਆਪਣੇ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚਣਾ ਸੀ, ਪਰ ਕਿਸਾਨ ਪਹਿਲਾਂ ਹੀ ਦਫ਼ਤਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਦਫ਼ਤਰ ਦਾ ਉਦਘਾਟਨ ਕੀਤੇ ਬਗੈਰ ਹੀ ਪਰਤਣਾ ਪਿਆ। ਦਫ਼ਤਰ ਸਾਹਮਣੇ ਵੀ ਕਿਸਾਨਾਂ ਨੇ ਭਾਜਪਾ ਤੇ ਜੇਜੇਪੀ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਆਖਿਆ ਕਿ ਇਸ ਜ਼ਿਮਨੀ ਚੋਣ ਦੌਰਾਨ ਭਾਜਪਾ ਤੇ ਜਜਪਾ ਦੇ ਆਗੂ ਚੋਣ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਣਗੇ, ਉੱਥੇ ਹੀ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਾਵੇਗਾ।
ਜ਼ਿਮਨੀ ਚੋਣ ਅਭੈ ਸਿੰਘ ਚੌਟਾਲਾ ਨੇ ਲੋਕਾਂ ’ਤੇ ਥੋਪੀ: ਭਾਜਪਾ ਆਗੂ
ਏਲਨਾਬਾਦ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਦਾ ਪਰਚਾ ਦਾਖਲ ਕਰਵਾਉਣ ਏਲਨਾਬਾਦ ਪਹੁੰਚੇ ਪਾਰਟੀ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਤੇ ਸਾਬਕਾ ਪ੍ਰਧਾਨ ਸੁਭਾਸ਼ ਬਰਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਜ਼ਿਮਨੀ ਚੋਣ ਇਨੈਲੋ ਦੇ ਅਭੈ ਚੌਟਾਲਾ ਵੱਲੋਂ ਲੋਕਾਂ ’ਤੇ ਥੋਪੀ ਗਈ ਹੈ। ਉਨ੍ਹਾਂ ਆਖਿਆ ਕਿ ਅਭੈ ਚੌਟਾਲਾ ਨੇ ਇੱਕ ਅਜਿਹੇ ਮੁੱਦੇ ’ਤੇ ਅਸਤੀਫ਼ਾ ਦਿੱਤਾ, ਜੋ ਅਸਲੀਅਤ ’ਚ ਮੁੱਦਾ ਹੈ ਹੀ ਨਹੀਂ ਸੀ। ਧਨਖੜ ਨੇ ਆਖਿਆ ਕਿ ਅਭੈ ਚੌਟਾਲਾ ਨੇ ਬਿਆਨ ਦਿੱਤਾ ਸੀ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਉਹ ਵਿਧਾਨ ਸਭਾ ਵਿੱਚ ਨਹੀਂ ਆਉਣਗੇ, ਪਰ ਹੁਣ ਉਹ ਮੁੜ ਇਨੈਲੋ ਦੇ ਉਮੀਦਵਾਰ ਬਣ ਗਏ ਹਨ।