ਪੱਤਰ ਪ੍ਰੇਰਕ
ਯਮੁਨਾਨਗਰ, 13 ਫਰਵਰੀ
ਹਰਿਆਣਾ ਸਕੂਲ ਅਧਿਆਪਕ ਸੰਘ ਨਾਲ ਸੰਬਧਿਤ ਸਰਵ ਕਰਮਚਾਰੀ ਸੰਘ ਨੇ ਜੇਬੀਟੀ ਅਧਿਆਪਕਾਂ ਨੂੰ ਆਫਲਾਈਨ ਐਫਐਲਐਨ ਟ੍ਰੇਨਿੰਗ ਦੇਣ ਅਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦੀ ਇਨਰੋਲਮੈਂਟ ਫੀਸ 100 ਰੁਪਏ ਅਤੇ 450 ਰੁਪਏ ਪ੍ਰਤੀ ਵਿਦਿਆਰਥੀ ਪ੍ਰੀਖਿਆ ਫੀਸ ਲੈਣ ਦਾ ਸਖ਼ਤ ਵਿਰੋਧ ਕੀਤਾ ਹੈ। ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਕੰਬੋਜ, ਸਕੱਤਰ ਦਿਨੇਸ਼ ਤੰਵਰ ਅਤੇ ਪ੍ਰੈੱਸ ਸਕੱਤਰ ਰਾਮ ਨਰੇਸ਼ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਕੂਲ ਦੇ ਅਧਿਆਪਕਾਂ ਨੂੰ ਐਨਜੀਓ ਰਾਹੀਂ ਉਸ ਸਮੇਂ ਟ੍ਰੇਨਿੰਗ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਦੋਂ ਉਨ੍ਹਾਂ ਨੂੰ ਕਲਾਸਾਂ ਵਿੱਚ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬੱਚਿਆਂ ਤੋਂ ਦੂਰ ਕਰ ਕੇ ਬੱਚਿਆਂ ਨਾਲ ਧੋਖਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ’ਤੇ ਵਾਧੂ ਫੀਸ ਦਾ ਬੋਝ ਪਾਉਣਾ ਵਾਜਬ ਨਹੀਂ ਹੈ।