ਪੱਤਰ ਪ੍ਰੇਰਕ
ਫਰੀਦਾਬਾਦ, 2 ਅਕਤੂਬਰ
ਬੁਲਟ ਦੇ ਸਾਇਲੈਂਸਰ ਤੋਂ ਪਟਾਕਿਆਂ ਦੀ ਆਵਾਜ਼ ਦੀ ਚੈਕਿੰਗ ਮੁਹਿੰਮ ਦੌਰਾਨ ਟਰੈਫਿਕ ਪੁਲੀਸ ਨੇ 2 ਦਿਨਾਂ ਵਿੱਚ 325 ਮੋਟਰਸਾਈਕਲਾਂ ਦੀ ਜਾਂਚ ਕੀਤੀ, ਜਿਸ ਵਿੱਚ ਸਾਇਲੈਂਸਰ ਨਾਲ ਮੋਡੀਫਾਈਡ 30 ਬੁਲਟ ਮੋਟਰਸਾਈਕਲ ਜ਼ਬਤ ਕੀਤੇ ਗਏ। ਫਰੀਦਾਬਾਦ ਦੇ ਸਾਰੇ ਸੈਕਟਰਾਂ ਵਿੱਚ ਮੌਜੂਦ ਆਟੋਮੋਬਾਈਲ ਮਾਰਕੀਟ ਦੇ ਮੋਟਰਸਾਈਕਲ ਮਕੈਨਿਕਾਂ, ਦੁਕਾਨਦਾਰਾਂ ਤੇ ਵੈਲਡਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਐੱਸਐੱਚਓ ਟਰੈਫਿਕ ਦਰਸ਼ਨ ਕੁਮਾਰ, ਦੁਕਾਨਦਾਰ, ਮਕੈਨਿਕ ਤੇ ਵੈਲਡਰ ਹਾਜ਼ਰ ਸਨ। ਏਸੀਪੀ ਟਰੈਫ਼ਿਕ ਨੇ ਮੋਟਰਸਾਈਕਲ ਦੇ ਸਾਈਲੈਂਸਰ ਨੂੰ ਨਾ ਮੋਡੀਫਾਈ ਕਰਨ ਦੀ ਹਦਾਇਤ ਕਰਦਿਆਂ ਉਲੰਘਣਾ ਕਰਨ ’ਤੇ ਕਾਨੂੰਨੀ ਕਾਰਵਾਈ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਮੋਡੀਫਾਈ ਕਰਨ ਵਾਲੇ ਮਕੈਨਿਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।