ਪੱਤਰ ਪ੍ਰੇਰਕ
ਫਰੀਦਾਬਾਦ, 13 ਮਈ
ਡਿਪਟੀ ਕਮਿਸ਼ਨਰ ਯਸ਼ਪਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ’ਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਅਜਿਹੀ ਸਥਿਤੀ ’ਚ ਜ਼ਿਲ੍ਹੇ ਦੇ ਸਾਰੇ ਪਿੰਡਾਂ ’ਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਲੋਕਾਂ ਅਤੇ ਖ਼ਾਸਕਰ ਦਿਹਾਤੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਲੈਣ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕਰੋਨਾ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹਸਪਤਾਲਾਂ ’ਚ ਆਮ ਬਿਸਤਰੇ, ਆਕਸੀਜਨ ਬਿਸਤਰੇ, ਆਈਸੀਯੂ ਤੇ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ, ‘ਕੋਵਿਡ-19 ਪਾਜ਼ੇਟਿਵ ਦੇ ਸਾਰੇ ਮਾਮਲੇ ਹਰ ਰੋਜ਼ ਆ ਰਹੇ ਹਨ, ਅਸੀਂ ਉਨ੍ਹਾਂ ਦੀ ਸੰਪਰਕ ਟਰੇਸਿੰਗ ਤੁਰੰਤ ਕਰਵਾ ਰਹੇ ਹਾਂ। ਜ਼ਰੂਰਤ ਅਨੁਸਾਰ ਹਰ ਕੋਈ ਘਰ ’ਚ ਦਵਾਈ ਕਿੱਟ ਲੈ ਰਿਹਾ ਹੈ ਤੇ ਜੇ ਲੋੜ ਪਈ ਤਾਂ ਉਹ ਹਸਪਤਾਲ ’ਚ ਦਾਖਲ ਵੀ ਹੋ ਰਹੇ ਹਨ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਿੰਡ ਦੇ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰਾਂ ਰਾਹੀਂ ਤੇ ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੀ ਪ੍ਰਚਾਰ ਗੱਡੀ ਰਾਹੀਂ ਘਰਾਂ ’ਚ ਰਹਿਣ। ਪਿੰਡ ਦੇ ਬਹੁਤ ਸਾਰੇ ਲੋਕ ਇਕੱਠੇ ਬੈਠ ਕੇ ਹੁੱਕਾ ਅਤੇ ਤਾਸ਼ ਖੇਡਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ’ਤੇ ਸਮੂਹਿਕ ਤੌਰ ’ਤੇ ਇਕੱਤਰ ਨਾ ਹੋਣ। ਜ਼ਿਲ੍ਹੇ ਦੇ ਪੇਂਡੂ ਖੇਤਰਾਂ ਲਈ ਵੱਖਰੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ।