ਸਤਪਾਲ ਰਾਮਗੜ੍ਹੀਆ
ਪਿਹੋਵਾ, 15 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ| ਗੁਰਦੁਆਰਾ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਥਾਂ-ਥਾਂ ’ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਮਨਦੀਪ ਚੱਠਾ ਦੀ ਪਤਨੀ ਰਮਨਦੀਪ ਕੌਰ ਚੱਠਾ ਨੇ ਵੀ ਪਾਲਕੀ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਸਵਾਗਤ ਕੀਤਾ| ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹਮੇਸ਼ਾ ਦੁਖੀ ਲੋਕਾਂ ਦੀ ਸੇਵਾ ਕਰਨ ਅਤੇ ਪਰਮਾਤਮਾ ਦਾ ਨਾਮ ਜਪਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਸਮਾਜ ਆਪਸੀ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਵਿਭਿੰਨਤਾ ਦੇ ਬਾਵਜੂਦ ਇਸ ਦੇਸ਼ ਦੇ ਸਾਰੇ ਲੋਕ ਇਕੱਠੇ ਹੋ ਕੇ ਇਕ-ਦੂਜੇ ਦੀਆਂ ਖੁਸ਼ੀਆਂ ਵਿਚ ਹਿੱਸਾ ਲੈਂਦੇ ਹਨ। ਇਹੀ ਇੱਥੇ ਦੀ ਸੁੰਦਰਤਾ ਹੈ। ਨਗਰ ਕੀਰਤਨ ਵਿੱਚ ਗਤਕਾ ਗਰੁੱਪ ਦੇ ਨੌਜਵਾਨਾਂ ਨੇ ਆਪਣੇ ਬਹਾਦਰੀ ਭਰੇ ਕਰਤੱਬਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਨਗਰ ਕੀਰਤਨ ਦੇ ਅੱਗੇ ਔਰਤਾਂ ਨੇ ਵਾਹਿਗੁਰੂ ਦਾ ਜਾਪ ਕਰਕੇ ਸਫਾਈ ਸੇਵਾ ਵੀ ਕੀਤੀ। ਨਗਰ ਕੀਰਤਨ ਅੰਬਾਲਾ ਰੋਡ, ਮੇਨ ਬਾਜ਼ਾਰ, ਸਰਸਵਤੀ ਤੀਰਥ, ਮਾਡਲ ਟਾਊਨ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰੇ ਵਿੱਚ ਸਮਾਪਤ ਹੋਇਆ| ਇਸ ਮੌਕੇ ਰਾਕੇਸ਼ ਬਧਵਾਰ, ਕਰਨ ਚੱਠਾ, ਸੁਖਬੀਰ ਗਰੇਵਾਲ, ਮਹਿੰਦਰ ਸਿੰਘ, ਰਘਬੀਰ ਚੱਠਾ, ਰਾਮਫਲ ਕਕਰਾਲੀ, ਗੁਰਦੇਵ ਬਾਜਵਾ ਹਾਜ਼ਰ ਸਨ।