ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਗਿਆਨੀ ਸਾਹਿਬ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਈ। । ਨਗਰ ਕੀਰਤਨ ਗੁਰਦੁਆਰੇ ਤੋਂ ਆਰੰਭ ਹੋ ਕੇ ਲਵ ਕੁਸ਼ ਨਗਰ, ਬਾਂਸਲ ਹਸਪਤਾਲ, ਲਾਡਵਾ ਰੋਡ, ਦੇਵੀ ਮੰਦਰ ਰੋਡ, ਪੁਰਾਣੀ ਸਬਜ਼ੀ ਮੰਡੀ ,ਪਤਾਸਾ ਬਾਜ਼ਾਰ, ਈਦਗਾਹ ਰੋਡ, ਸ਼ਿਵਜੀ ਮੰਦਰ, ਸਰਕਾਰੀ ਹਸਪਤਾਲ, ਸੰਤ ਬਾਬਾ ਦਲੇਲ ਸਿੰਘ ਦੀ ਕੁਟੀਆ, ਬਰਾੜਾ ਰੋਡ, ਗੁਰਦੁਆਰਾ ਮੰਜੀ ਸਾਹਿਬ ਤੋਂ ਹੁੰਦਾ ਹੋਇਆ ਨਸ਼ਾਬਰ ਸਿੰਘ ਵਾਲੀ ਗਲੀ, ਗਾਬਾ ਚੌਕ, ਮਾਜਰੀ ਵਾਲੀ ਪੁਲੀ, ਲਵ ਕੁਸ਼ ਗੇਟ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਦਰਬਾਰ ਵਿਚ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਦਾ ਥਾਂ ਥਾਂ ਤੇ ਵੱਖ ਵੱਖ ਜਥੇਬੰਦੀਆਂ, ਸੁਸਾਇਟੀਆਂ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਅੱਗੇ ਕਈ ਬੀਬੀਆਂ ਤੇ ਵੀਰਾਂ ਨੇ ਝਾੜੂ ਦੀ ਸੇਵਾ ਨਿਭਾਈ। ਇਸ ਮੌਕੇ ਕਈ ਥਾਈਂ ਸੁੰਦਰ ਗੇਟ ਬਣਾਏ ਗਏ ਸਨ। ਇਸ ਦੌਰਾਨ ਫੌਜੀ ਬੈਂਡ, ਛੋਟੇ ਬੱਚਿਆਂ ਦੀ ਸਾਈਕਲ ਆਰਮੀ, ਪੋਇਮ ਕੋਰੀਓਗਰਾਫੀ, ਖਾਲਸਈ ਬਾਣੇ ਵਿਚ ਬੱਚੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਸਕੂਲਾਂ ਦੇ ਬੱਚੇ ਨੇ ਗਤਕੇ ਦੇ ਜ਼ੌਹਰ ਦਿਖਾਏ। ਨਗਰ ਕੀਰਤਨ ਦੌਰਾਨ ਹੈਲੀਕੈਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਕਈ ਥਾਈਂ ਲੰਗਰ ਲਾਏ ਗਏ ਸਨ। ਨਗਰ ਕੀਰਤਨ ਵਿੱਚ ਪ੍ਰਬੰਧਕਾਂ ਨੇ ਟਰੈਫਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ।
ਗੁਰਦੁਆਰਾ ਮੰਜੀ ਸਾਹਿਬ ਪੁੱਜਣ ’ਤੇ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਸੰਗਤ ਲਈ ਲੰਗਰ ਤੇ ਚਾਹ ਦੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਭਗਵੰਤ ਸਿੰਘ ਖਾਲਸਾ, ਸੁਖਚੈਨ ਸਿੰਘ, ਜਗਦੇਵ ਸਿੰਘ ਗਾਬਾ, ਦਲਜੀਤ ਸਿੰਘ, ਗਗਨਦੀਪ ਸਿੰਘ , ਉਪਕਾਰ ਸਿੰਘ, ਪਰਮਜੀਤ ਸਿੰਘ, ਟਿੰਮੀ ਵੀਰ ਮੌਜੂਦ ਸਨ।
ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਕੀਤੀ ਅਗਵਾਈ
ਟੋਹਾਣਾ (ਗੁਰਦੀਪ ਸਿੰਘ ਭੱਟੀ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਿੰਘ ਸਭਾ ਟੋਹਾਣਾ ਦੇ ਸੱਦੇ ’ਤੇ ਹਲਕੇ ਦੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਮੰਡੀ ਤੋਂ ਹੈੱਡ ਗ੍ਰੰਥੀ ਨੇ ਅਰਦਾਸ ਕੀਤੀ ਹੁਕਮਨਾਮਾ ਸਰਵਣ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਅੱਗੇ ਪੰਜ ਪਿਆਰਿਆਂ ਦੇ ਵਾਹਨ ਨੂੰ ਸਿੰਘ ਸਭਾ ਟੋਹਾਣਾ ਦੇ ਪ੍ਰਧਾਨ ਜਸਕੰਵਰ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿੱਚ ਤੋਰਿਆ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ, ਗਤਕਾ ਪਾਰਟੀਆਂ, ਬੈਂਡ ਤੋਂ ਇਲਾਵਾ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਨਗਰ ਕੀਰਤਨ ਵਿੱਚ ਬਜ਼ੁਰਗ, ਬੱਚੇ, ਔਰਤਾਂ ਸ਼ਾਮਲ ਸਨ। ਸੰਗਤਾਂ ਲਈ ਬਾਜ਼ਾਰਾਂ ਵਿੱਚ ਲੰਗਰ ਲਗਾਏ ਗਏ। ਨਗਰ ਕੀਰਤਨ ਅਨਾਜ ਮੰਡੀ, ਰੇਲਵੇ ਰੋਡ, ਨਹਿਰੂ ਮਾਰਕੀਟ, ਘੰਟਾਘਰ ਚੌਕ, ਤੂਰ ਨਗਰ, ਗਿੱਲਾਂਵਾਲੀ ਢਾਣੀ, ਕ੍ਰਿਸ਼ਨਾ ਕਲੋਨੀ, ਰਾਮ ਨਗਰ, ਪੁਰਾਣੀ ਸਬਜ਼ੀ ਮੰਡੀ ਤੋਂ ਗੁਰਦੁਆਰਾ ਸਿੰਘ ਸਭਾ ਪੁੱਜ ਕੇ ਅਰਦਾਸ ਕੀਤੇ ਜਾਣ ਮਗਰੋਂ ਸਮਾਪਤ ਹੋਇਆ।