ਪੱਤਰ ਪ੍ਰੇਰਕ
ਕਾਲਾਂਵਾਲੀ, 23 ਅਗਸਤ
ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚੋਂ ਅਧਿਆਪਕਾਂ ਦੀਆਂ ਅਸਾਮੀਆਂ ਤੇਜ਼ੀ ਨਾਲ ਖਤਮ ਕਰਨ ਦੇ ਵਿਰੋਧ ’ਚ ਨੌਜਵਾਨ ਭਾਰਤ ਸਭਾ ਦੇ ਆਗੂ ਵਕੀਲ ਸਿੰਘ ਰੋੜੀ, ਲੱਕੜਵਾਲੀ ਸਕੂਲ ਦੀ ਐੱਸਐੱਮਸੀ ਕਮੇਟੀ ਪ੍ਰਧਾਨ ਜਗਸੀਰ ਸਿੰਘ ਅਤੇ ਰਾਜ ਰਾਣੀ ਦੀ ਅਗਵਾਈ ’ਚ ਪਿੰਡ ਦੇ ਸਰਕਾਰੀ ਹਾਈ ਸਕੂਲ ਅੱਗੇ ਧਰਨਾ ਦਿੱਤਾ ਗਿਆ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ| ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਕਰਨ ਦੀ ਪ੍ਰਕਿਰਿਆ ਦੌਰਾਨ ਪਿੰਡ ਲੱਕੜਵਾਲੀ ਦੇ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕਾਂ ਦੀਆਂ 4 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ| ਹੁਣ ਇਸ ਹਾਈ ਸਕੂਲ ਵਿਚ ਸਿਰਫ 3 ਅਧਿਆਪਕ ਹੀ ਰਹਿਣਗੇ| ਨੌਜਵਾਨ ਭਾਰਤ ਸਭਾ ਦੇ ਬੁਲਾਰੇ ਵਕੀਲ ਸਿੰਘ ਰੋੜੀ ਨੇ ਕਿਹਾ ਕਿ ਇਕ ਪਾਸੇ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਾਉਂਦੀ ਹੈ ਅਤੇ ਦੂਜੇ ਪਾਸੇ ਸਕੂਲਾਂ ਨੂੰ ਰਲੇਵੇਂ ਦੇ ਨਾਂ ’ਤੇ ਬੰਦ ਕੀਤਾ ਜਾ ਰਿਹਾ ਹੈ| ਇਸ ਮੌਕੇ ਕਲੱਬ ਮੈਂਬਰ ਬਿੰਦਰ ਸਿੰਘ, ਜੱਗਾ ਸਿੰਘ, ਗੁਰਲਾਲ ਸਿੰਘ, ਆਤਮਾ ਰਾਮ, ਕਿਰਨਜੀਤ ਕੌਰ, ਮਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਵੀ ਹਾਜ਼ਰ ਸਨ|
ਏਲਨਾਬਾਦ (ਪੱਤਰ ਪ੍ਰੇਰਕ): ਸੰਤਨਗਰ (ਜਗਮਲੇਰਾ) ਦੇ ਸਰਕਾਰੀ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਭਰਤੀ ਨਾ ਕਰਨ ਅਤੇ ਸਕੂਲ ਨੂੰ ਮਰਜ ਕਰਨ ਵਿਰੁੱਧ ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਪਿੰਡ ਦੇ ਸੈਂਕੜੇ ਲੋਕਾਂ ਵੱਲੋਂ ਸਕੂਲ ਦੇ ਗੇਟ ਅੱਗੇ ਰੋਸ ਵਿਖਾਵਾ ਕਰਕੇ ਮੋਦੀ ਅਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਨੌਜਵਾਨ ਭਾਰਤ ਸਭਾ ਦੇ ਆਗੂ ਅਮਨ ਹੁੰਦਲ ਨੇ ਆਖਿਆ ਕਿ ਸਰਕਾਰ ਵਲੋਂ ਵੱਖ-ਵੱਖ ਢੰਗਾਂ ਨਾਲ ਸਿੱਖਿਆ ਢਾਂਚੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।