ਮਹਾਂਵੀਰ ਮਿੱਤਲ
ਜੀਂਦ, 2 ਨਵੰਬਰ
ਜ਼ਿਲ੍ਹੇ ਦੀਆਂ ਕੁੱਲ 300 ਪੰਚਾਇਤਾਂ ’ਚੋਂ 280 ਪਿੰਡਾਂ ਵਿੱਚ ਸਰਪੰਚੀ ਦਾ ਤਾਜ ਅੱਜ ਸਜੇਗਾ। ਜ਼ਿਕਰਯੋਗ ਹੈ ਕਿ ਕੁੱਲ 300 ਪੰਚਾਇਤਾਂ ਵਿੱਚੋਂ 16 ਪਿੰਡਾਂ ਵਿੱਚ ਸਰਬਸੰਮਤੀ ਹੋ ਚੁੱਕੀ ਹੈ ਅਤੇ ਜ਼ਿਲ੍ਹੇ ਦੇ ਚਾਰ ਪਿੰਡਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਚੋਣਾਂ ਦਾ ਬਾਈਕਾਟ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 280 ਪਿੰਡਾਂ ਵਿੱਚ ਸਰਪੰਚੀ ਲਈ ਚੋਣ ਕਰਵਾਈ ਗਈ ਹੈ। ਇਸ ਲਈ 1259 ਉਮੀਦਵਾਰ ਮੈਦਾਨ ਵਿੱਚ ਹਨ। ਜ਼ਿਲ੍ਹੇ ਦੇ ਚਾਰ ਪਿੰਡ ਚਾਬਰੀ, ਭਿੜਤਾਨਾ, ਰੋਜ਼ਖੇੜਾ ਅਤੇ ਫਰੈਣ ਅਜਿਹੇ ਹਨ, ਜਿੱਥੇ ਸਰਪੰਚੀ ਲਈ ਚੋਣ ਨਹੀਂ ਹੋਈ। ਪਿੰਡ ਚਾਬਰੀ ਅਤੇ ਭਿੜਤਾਨਾ ਦੇ ਲੋਕਾਂ ਨੇ ਜੀਂਦ-ਸੋਨੀਪਤ ਗ੍ਰੀਨਫੀਲਡ ਨੈਸ਼ਨਲ ਹਾਈਵੇਅ ’ਤੇ ਦੋਵੇਂ ਪਿੰਡਾਂ ਦੇ ਵਿਚਕਾਰ ਬਣੇ ਇੰਟਰਚੇਂਜ ਉੱਤੇ ਅੰਦਰ ਅਤੇ ਬਾਹਰ ਜਾਣ ਦਾ ਰਾਸਤਾ ਨਾ ਮਿਲਣ ਦੇ ਰੋਸ ਵਜੋਂ ਪੰਚਾਇਤੀ ਚੋਣਾਂ ਦਾ ਪੂਰਨ ਬਾਈਕਾਟ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੋਂ ਚੋਣ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਸੀ। ਜ਼ਿਲ੍ਹੇ ਦੇ 280 ਪਿੰਡਾਂ ਵਿੱਚ ਸਰਪੰਚ ਦੇ ਅਹੁਦੇ ਲਈ ਚੋਣ ਈਵੀਐੱਮ ਦੇ ਜਰੀਏ ਕਰਵਾਈ ਗਈ ਅਤੇ ਪੰਚਾਂ ਦੀ ਚੋਣ ਪਹਿਲਾਂ ਵਾਂਗ ਬੈਲੇਟ ਬਾਕਸ ਰਾਹੀਂ ਕਰਵਾਈ ਗਈ। ਮਤਦਾਨ ਅੱਜ ਸ਼ਾਮੀਂ ਛੇ ਵਜੇ ਤੱਕ ਹੋਇਆ।
ਐੱਸਪੀ ਨਰਿੰਦਰ ਬਿਜਾਰਨੀਆਂ ਨੇ ਦੱਸਿਆ ਕਿ ਚੋਣਾਂ ਸ਼ਾਂਤੀਪੂਰਬਕ ਢੰਗ ਨਾਲ ਮੁਕੰਮਲ ਕਰਵਾਉਣ ਲਈ ਚੱਪੇ-ਚੱਪੇ ਉੱਤੇ ਪੁਲੀਸ ਤਾਇਨਾਤ ਕੀਤੀ ਗਈ। ਚੋਣਾਂ ਦੌਰਾਨ ਡੀਸੀ ਅਤੇ ਐੱਸਪੀ ਖੁਦ ਆਪਣੀ ਟੀਮ ਨਾਲ ਦੌਰਾ ਕਰਦੇ ਰਹੇ।