ਪੀਪੀ ਵਰਮਾ
ਪੰਚਕੂਲਾ, 28 ਅਕਤੂਬਰ
ਮਾਤਾ ਮਨਸਾ ਦੇਵੀ ਗੌਧਾਮ ਗਊਸ਼ਾਲਾਂ ਵਿੱਚ ਕਥਿਤ ਜ਼ਹਿਰੀਲੇ ਚਾਰੇ ਕਾਰਨ ਅੱਜ ਸਵੇਰੇ 70 ਗਊਂਆਂ ਦੀ ਮੌਤ ਹੋ ਗਈ ਤੇ 30 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਮੌਕੇ ’ਤੇ ਪਹੁੰਚੇ ਅਤੇ ਇਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਸ੍ਰੀ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਕਮੇਟੀ ਵਿੱਚ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਰੀਤੂ ਸਿੰਗਲਾ, ਡੀਐੱਸਪੀ ਅਤੇ ਡਿਪਟੀ ਡਾਇਰੈਕਟਰ ਪਛੂ ਪਾਲਣ ਵਿਭਾਗ ਹਰਿਆਣਾ ਸ਼ਾਮਲ ਹਨ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਟੀਮ ਰੋਜ਼ ਪੰਚਕੂਲਾ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਜਾ ਕੇ ਚਾਰੇ ਦੀ ਜਾਂਚ ਕਰੇਗੀ। ਵੈਟਰਨਰੀ ਟੀਮ ਦਾ ਮੰਨਣਾ ਹੈ ਕਿ ਪਸ਼ੂਆਂ ਦੀ ਮੌਤ ਜ਼ਹਿਰੀਲੀ ਚੀਜ਼ ਕਾਰਨ ਹੋਈ ਹੈ।ਸਾਰੀਆਂ ਗਊਆਂ ਦੇ ਮੂੰਹ, ਕੰਨ, ਅੱਖਾਂ ਅਤੇ ਨੱਕ ਵਿਚੋਂ ਲਹੂ ਵੱਗ ਰਿਹਾ ਸੀ। ਟੀਮ ਨੇ ਚਾਰੇ ਅਤੇ ਮਰੇ ਪਸ਼ੂਆਂ ਦੇ ਨਮੂਨੇ ਲਏ ਹਨ। ਡਿਪਟੀ ਡਾਇਰੈਕਟਰ ਵੈਟਰਨਰੀ ਵਿਭਾਗ ਡਾ. ਅਨਿਲ ਕੁਮਾਰ ਦਾ ਕਹਿਣਾ ਹੈ ਕਿ ਜ਼ਹਿਰੀਲੇ ਚਾਰੇ ਕਾਰਨ ਮੌਤਾਂ ਹੋਣ ਦੀ ਸੰਭਾਵਨਾ ਹੈ।