ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 24 ਜੁਲਾਈ
ਇੱਕ ਨਿੱਜੀ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਬੰਦ ਕਰਨ ਅਤੇ ਕਥਿਤ ਟਿਊਸ਼ਨ ਫ਼ੀਸ ਤੋਂ ਵੱਧ ਫ਼ੀਸ ਵਸੂਲਣ ਖ਼ਿਲਾਫ਼ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਥੇ ਮਿੰਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਇਸ ਸਬੰਧ ਵਿੱਚ ਐੱਸਡੀਐੱਮ ਨਰਾਇਣਗੜ੍ਹ ਦੇ ਨਾਂਅ ਸਕੂਲ ਖ਼ਿਲਾਫ਼ ਇੱਕ ਸ਼ਿਕਾਇਤ ਤਹਿਸੀਲਦਾਰ ਦਿਨੇਸ਼ ਢਿੱਲੋਂ ਨੂੰ ਸੌਂਪੀ। ਮਾਪਿਆਂ ਨੇ ਦੋਸ਼ ਲਾਇਆ ਕਿ ਸ਼ਿਵਾਲਿਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਬੰਦ ਕਰ ਦਿੱਤੀ ਗਈ। ਇਸ ਸਬੰਧੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਸਬੰਧਿਤ ਵਿਦਿਆਰਥੀਆਂ ਦੇ ਮਾਪੇ ਸੰਜੀਵ ਕੁਮਾਰ, ਜਸਵੀਰ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਵਿਕਾਸ ਕੁਮਾਰ, ਰਣਬੀਰ ਸਿੰਘ, ਸੱਤਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟਿਊਸ਼ਨ ਫ਼ੀਸ ਦੇਣ ਨੂੰ ਤਿਆਰ ਹਨ, ਪਰ ਇਸ ਤੋਂ ਵੱਧ ਫ਼ੀਸ ਨਹੀਂ ਦੇ ਸਕਦੇ ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਾਰਿਆਂ ਦੇ ਕੰਮ ਕਾਰਜ ਠੱਪ ਪਏ ਹੋਏ ਹਨ ਅਤੇ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ।
ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਅਨੁਰਾਧਾ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮਾਪਿਆਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਫ਼ੀ ਗਿਣਤੀ ਵਿੱਚ ਮਾਪੇ ਇਕੱਠੇ ਹੋ ਕੇ ਸਕੂਲ ਵਿੱਚ ਆਏ ਸਨ ਅਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਅਲੱਗ ਅਲੱਗ ਮਿਲਣ ਲਈ ਮਾਪਿਆਂ ਨੂੰ ਕਿਹਾ ਗਿਆ ਸੀ, ਪਰ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਫੀਸ ਮੰਗੀ ਨਹੀਂ ਗਈ। ਉਨ੍ਹਾਂ ਕਿਹਾ ਕਿ ਮੈਸੇਜ ਭੇਜ ਕੇ ਸੂਚਿਤ ਕੀਤਾ ਗਿਆ ਹੈ ਕਿ ਬੀਤੇ ਲਗਪਗ ਚਾਰ ਮਹੀਨੇ ਦੀ ਫ਼ੀਸ ਬਕਾਇਆ ਹੈ, ਪਰ ਫੀਸ ਅੱਜ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਮੈਸੇਜ ਕਿਹਾ ਗਿਆ ਸੀ ਕਿ ਬੀਤੇ ਚਾਰ ਮਹੀਨਿਆਂ ਵਿੱਚੋਂ ਕੁਝ ਫ਼ੀਸ ਜਮ੍ਹਾਂ ਕਰਾ ਦਿਓ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਫੀਸ ਜਮ੍ਹਾਂ ਕਰਵਾਈ ਗਈ।