ਪੱਤਰ ਪ੍ਰੇਰਕ
ਕਰਨਾਲ, 14 ਸਤੰਬਰ
ਇਥੇ ਕਿਸਾਨ ਅੰਦੋਲਨ ਮਗਰੋਂ ਐਡੀਸ਼ਨਲ ਚੀਫ ਸੈਕਟਰੀ ਦੀ ਪ੍ਰਧਾਨਗੀ ਵਿੱਚ ਹੋਏ ਸਮਝੌਤੇ ਤੋਂ ਬਾਅਦ ਕਰੈਡਿਟ ਨੂੰ ਲੈ ਕੇ ਐਚਐਸਜੀਪੀਸੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਾਹਮਣੇ ਆਏ ਹਨ। ਉਨ੍ਹਾਂ ਡੇਰਾ ਕਾਰ ਸੇਵਾ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਪਰਦੇ ਪਿੱਛੇ ਰਹਿ ਕੇ ਦੋਨਾਂ ਪੱਖਾਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਵਾਇਆ ਹੈ।
ਡੇਰਾ ਕਾਰ ਸੇਵਾ ਕਰਨਾਲ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੇ ਸਨ। 7 ਅਤੇ 8 ਸਤੰਬਰ ਦੀ ਗੱਲਬਾਤ ਵਿੱਚ ਜਦੋਂ ਗੱਲ ਨਹੀਂ ਬਣੀ ਤਾਂ ਸ਼ਾਮ ਨੂੰ ਸਮਝੌਤਾ ਕਰਵਾਉਣ ਦਾ ਮਨ ਬਣਾਇਆ, ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ 1977 ਤੋਂ ਭਾਰਤੀ ਕਿਸਾਨ ਯੂਨੀਅਨ ਵਿੱਚ ਕੰਮ ਕੀਤਾ। ਇਸ ਕਰ ਕੇ ਉਨ੍ਹਾਂ ਨੂੰ ਪਤਾ ਹੈ ਕਿ ਕਿਸਾਨਾਂ ਦਾ ਸਮਝੌਤਾ ਕਿਵੇਂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਰਨਾਲ ਆਉਣ ਤੋਂ ਬਾਅਦ ਭਾਜਪਾ ਆਗੂਆਂ ਨਾਲ ਗੱਲ ਕਰ ਕੇ ਮੁੱਖ ਮੰਤਰੀ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਦਾ ਪੱਖ ਜਾਣਿਆ। ਫਿਰ ਗੁਰਨਾਮ ਸਿੰਘ ਚੜੂਨੀ ਨਾਲ ਕਰਨਾਲ ਵਿੱਚ ਬਲਵਿੰਦਰ ਸਿੰਘ ਐਮਸੀ ਦੇ ਘਰ ਮੀਟਿੰਗ ਕਰ ਕੇ ਸਾਰਿਆਂ ਨੂੰ ਤਿਆਰ ਕੀਤਾ। ਇਸ ਤੋਂ ਬਾਅਦ ਡੀ ਸੀ ਕੋਲ ਸਕੱਤਰੇਤ ਵਿੱਚ ਗਏ ਅਤੇ ਸਾਰੇ ਪੱਖਾਂ ਨੂੰ ਸਮੱਝੌਤੇ ਲਈ ਰਾਜ਼ੀ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਕੁੱਝ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਬਦਲ ਲਿਆ ਅਤੇ ਕੁਝ ਮੰਗਾਂ ’ਤੇ ਸਰਕਾਰ ਝੁਕੀ ਅਤੇ ਆਖ਼ਿਰਕਾਰ ਸਮਝੌਤਾ ਹੋ ਗਿਆ।