ਜਗਤਾਰ ਸਮਾਲਸਰ
ਏਲਨਾਬਾਦ, 7 ਜੂਨ
ਪੀਣ ਵਾਲੇ ਨਹਿਰੀ ਪਾਣੀ ਦੀ ਮੰਗ ਕਰਦਿਆਂ ਅੱਜ ਪਿੰਡ ਤਲਵਾੜਾ ਖੁਰਦ ਦੇ ਲੋਕਾਂ ਨੇ ਪਿੰਡ ਦੇ ਬੱਸ ਸਟੈਂਡ ’ਤੇ ਇੱਕਠੇ ਹੋ ਕੇ ਏਲਨਾਬਾਦ-ਹਨੂੰਮਾਨਗੜ੍ਹ ਸੜਕ ’ਤੇ ਜਾਮ ਲਗਾਕੇ ਸਰਕਾਰ ਅਤੇ ਜਨ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਮਾਜਸੇਵੀ ਭੀਮ ਸੈਨ ਸਾਈ ਨੇ ਦੱਸਿਆ ਕਿ ਪਿੰਡ ਵਿੱਚ ਚਾਰ ਵਾਟਰ ਵਰਕਸ ਬਣੇ ਹੋਏ ਹਨ ਜਿਨ੍ਹਾਂ ਵਿੱਚ ਲਗਾਏ ਗਏ ਬੋਰਾਂ ਦਾ ਪਾਣੀ ਖਾਰਾ ਅਤੇ ਦੂਸ਼ਿਤ ਹੈ। ਲੋਕ ਇਹ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ 2 ਮਈ ਨੂੰ ਜਨ ਸਿਹਤ ਵਿਭਾਗ ਦੇ ਦਫ਼ਤਰ ਅੱਗੇ ਤੇ 9 ਮਈ ਨੂੰ ਐਕਸੀਅਨ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ। ਤਲਵਾੜਾ ਖੁਰਦ ਦੇ ਬੱਸ ਸਟੈਂਡ ’ਤੇ ਵੀ ਲਗਾਤਾਰ 11 ਦਿਨ ਧਰਨਾ ਲਾਇਆ ਪਰ ਕੋਈ ਸੁਣਵਾਈ ਨਹੀ ਹੋਈ। ਧਰਨੇ ਦੌਰਾਨ ਪਹੁੰਚੇ ਪਟਵਾਰੀ ਦਿੱਗਿਵਿਜੇ ਸਿੰਘ ਨੂੰ ਲੋਕਾਂ ਵੱਲੋਂ ਡੀਸੀ ਸਿਰਸਾ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਜੇ 10 ਜੂਨ ਤੱਕ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਫ਼ਿਰ ਸੜਕ ਜਾਮ ਕਰਨਗੇ।