ਸਤਪਾਲ ਰਾਮਗੜ੍ਹੀਆ
ਪਿਹੋਵਾ, 3 ਜੁਲਾਈ
ਪਿੰਡ ਸੰਧੌਲੀ ਵਿਚ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਦਾ ਪਿੰਡ ਵਾਸੀਆਂ ਨੇ ਅੱਜ ਜ਼ੋਰਦਾਰ ਵਿਰੋਧ ਕੀਤਾ| ਪਿੰਡ ਵਾਸੀਆਂ ਅਤੇ ਔਰਤਾਂ ਨੇ ਖੇਤਾਂ ’ਚ ਲੋਹੇ ਦੇ ਬਣੇ ਠੇਕੇ ਨੂੰ ਪੁੱਟ ਦਿੱਤਾ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ’ਚ ਪੰਚਾਇਤ ਲਈ ਬੁਲਾਇਆ ਗਿਆ। ਦੇਰ ਸ਼ਾਮ ਤੱਕ ਦੋਵਾਂ ਧਿਰਾਂ ਵਿਚਾਲੇ ਸੁਲ੍ਹਾ ਦੀਆਂ ਕੋਸ਼ਿਸ਼ਾਂ ਜਾਰੀ ਸਨ। ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸੇਠੀ, ਓਮਪ੍ਰਕਾਸ਼, ਬਹਾਦਰ ਸਿੰਘ, ਵਿਨੋਦ, ਭੁਪਿੰਦਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਿਲਕੁਲ ਨੇੜੇ ਹੀ ਠੇਕੇਦਾਰਾਂ ਵੱਲੋਂ ਠੇਕਾ ਖੋਲ੍ਹਿਆ ਜਾ ਰਿਹਾ ਹੈ। ਔਰਤਾਂ ਅਤੇ ਲੜਕੀਆਂ ਇਸ ਸੜਕ ਤੋਂ ਲੰਘ ਕੇ ਸ਼ਹਿਰ ਵੱਲ ਜਾਂਦੀਆਂ ਹਨ। ਠੇਕਾ ਖੁੱਲ੍ਹਣ ਨਾਲ ਇੱਥੇ ਸ਼ਰਾਬੀਆਂ ਦਾ ਇਕੱਠ ਹੋ ਜਾਵੇਗਾ। ਜਿਸ ਕਾਰਨ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਪਿੰਡ ਦੇ ਮਜ਼ਦੂਰ ਵਰਗ ਦੀਆਂ ਔਰਤਾਂ ਨੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮਰਦ ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰ ਜੇਕਰ ਠੇਕਾ ਖੁੱਲ੍ਹ ਗਿਆ ਤਾਂ ਸਾਰਾ ਪੈਸਾ ਸ਼ਰਾਬ ਵਿਚ ਚਲਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਦੀ ਨੌਜਵਾਨ ਪੀੜ੍ਹੀ ਵੀ ਪ੍ਰਭਾਵਿਤ ਹੋਵੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਹੋਰ ਸਰਕਾਰ ਨਸ਼ਾ ਛੁਡਾਓ ਵਰਗੀ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਉੱਥੇ ਹੀ ਸਰਕਾਰ ਦੇ ਇਸ਼ਾਰੇ ’ਤੇ ਪਿੰਡ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਦੇ ਆਸ-ਪਾਸ ਠੇਕਾ ਖੋਲ੍ਹਿਆ ਗਿਆ ਤਾਂ ਉਹ ਕੁਰੂਕਸ਼ੇਤਰ ਰੋਡ ਜਾਮ ਕਰਕੇ ਠੇਕੇ ਨੂੰ ਤਾਲਾ ਲਾ ਦੇਣਗੇ।