ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 7 ਸਤੰਬਰ
ਇਥੋਂ ਦੀ ਟੀ ਐਂਡ ਸੀ ਸੁਸਾਇਟੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਘੁਟਾਲੇ ਵਿੱਚ ਨਰਾਇਣਗੜ੍ਹ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਮਾਜ ਸੇਵੀ ਗੁਰਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕ ਸਥਾਨਕ ਪਰਸ਼ੂ ਰਾਮ ਚੌਕ ਵਿੱਚ ਇਕੱਠਾ ਹੋਏ, ਜਿਸ ਦੌਰਾਨ ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਐੱਸਐੱਚਓ ਗੁਰਮੇਲ ਸਿੰਘ ਪੁਲੀਸ ਟੀਮ ਸਣੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਅਤੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਪੁਲੀਸ ਨੇ ਬਾਕੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਉਣ ਵਾਲੀ 18 ਸਤੰਬਰ ਨੂੰ ਧਰਨਾ ਪ੍ਰਦਰਸ਼ਨ ਕਰਨਗੇ। ਜ਼ਿਰਕਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਨਰਾਇਣਗੜ੍ਹ ਦੀ ਐੱਸਬੀਆਈ ਸ਼ਾਖਾ ਵਿੱਚ ਤਾਇਨਾਤ ਕਰਮਚਾਰੀਆਂ ਨੇ ਇੱਕ ਸੁਸਾਇਟੀ ਬਣਾਈ ਹੋਈ ਸੀ, ਜਿਸ ਨੂੰ ਬੈਂਕ ਦੀ ਸ਼ਾਖਾ ਕਹਿ ਕੇ ਇਹ ਕਰਮਚਾਰੀ ਉਨ੍ਹਾਂ ਦੀ ਸੇਵਾਮੁਕਤੀ ’ਤੇ ਹੋਰ ਰਾਸ਼ੀ ਅਤੇ ਵਧ ਵਿਆਜ਼ ਦੇਣ ਦੀ ਗੱਲ ਆਖ ਕੇ ਐਫਡੀ ਬਣਾ ਕੇ ਪੈਸਾ ਜਮ੍ਹਾਂ ਕਰ ਲੈਂਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਪੈਸੇ ਨਾ ਮਿਲੇ ਤਾਂ ਪਤਾ ਲੱਗਿਆ ਕਿ ਸੁਸਾਇਟੀ ਦੇ ਮੈਂਬਰਾਂ ਨੇ ਕਰੋੜਾਂ ਰੁਪਏ ਦੀ ਧੋਖਾ ਕਰ ਲਿਆ ਹੈ। ਪੁਲੀਸ ਨੇ ਫਰਵਰੀ ਮਹੀਨੇ ਵਿੱਚ ਮਾਮਲਾ ਦਰਜ ਕਰ ਲਿਆ ਸੀ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਬਾਕੀ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ।