ਪੱਤਰ ਪ੍ਰੇਰਕ
ਕਾਲਾਂਵਾਲੀ, 30 ਅਪਰੈਲ
ਇੱਥੋਂ ਦੀ ਤਹਿਸੀਲ ’ਚ ਰਜਿਸਟਰੀਆਂ ਨਾ ਹੋਣ ’ਤੇ ਪ੍ਰੇਸ਼ਾਨ ਲੋਕਾਂ ਵੱਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲਖਵਿੰਦਰ ਸਿੰਘ, ਧਰਮਿੰਦਰ ਸਿੰਘ ਜਗਮਾਲਵਾਲੀ, ਦਰਸ਼ਨ ਸਿੰਘ ਸਾਬਕਾ ਸਰਪੰਚ ਔਢਾਂ, ਹਰੀ ਸਿੰਘ ਖਿਓਵਾਲੀ, ਗੁਰਤੇਜ ਸਿੰਘ ਰੁਘੂਆਣਾ ਨੇ ਦੋਸ਼ ਲਾਇਆ ਕਿ ਤਹਿਸੀਲ ਦੇ ਕਰਮਚਾਰੀ ਅਤੇ ਅਧਿਕਾਰੀ ਰਿਸ਼ਵਤ ਲੈ ਕੇ ਰਜਿਸਟਰੀਆਂ ਦੇ ਨੰਬਰ ਅੱਗੇ ਪਿੱਛੇ ਕਰ ਦਿੰਦੇ ਹਨ ਅਤੇ ਰਿਸ਼ਵਤ ਦੇਣ ਵਾਲਿਆਂ ਦੀਆਂ ਰਜਿਸਟਰੀਆਂ ਪਹਿਲਾਂ ਕਰ ਦਿੱਤੀਆਂ ਜਾਂਦੀਆਂ ਹਨ ਜਦਕਿ ਬਾਕੀ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਪਰ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਵੀ ਦਫ਼ਤਰ ਵਿੱਚ ਬਹੁਤ ਘੱਟ ਦਿਨ ਆਉਂਦੇ ਹਨ ਜਿਸ ਕਰਕੇ ਰਜਿਸਟਰੀਆਂ ਅਤੇ ਹੋਰ ਕੰਮ ਨਹੀਂ ਹੋ ਰਹੇ। ਇਸ ਸੰਬੰਧ ’ਚ ਤਹਿਸੀਲ ਦੇ ਕਰਮਚਾਰੀਆਂ ਨੇ ਇਸ ਬਾਰੇ ਕਿਹਾ ਕਿ ਬਿਜਲੀ ਨਹੀਂ ਆ ਰਹੀ ਜਿਸ ਕਰਕੇ ਕੰਮ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਧਰਨਾਕਾਰੀਆਂ ਨੇ ਕਿਹਾ ਕਿ ਤਹਿਸੀਲ ਦੇ ਕਰਮਚਾਰੀ ਜਰਨੇਟਰ ਚਲਾ ਕੇ ਕੁੱਝ ਖਾਸ ਲੋਕਾਂ ਦੀਆਂ ਰਜਿਸਟਰੀਆਂ ਕਰਕੇ ਬਾਕੀਆਂ ਲਈ ਕੰਮ ਬੰਦ ਕਰ ਦਿੰਦੇ ਹਨ ਜੋ ਠੀਕ ਨਹੀਂ।