ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਫਰਵਰੀ
ਅੰਬਾਲਾ ਸ਼ਹਿਰ ਦੇ ਇਕ ਹਸਪਤਾਲ ਵਿਚ ਅੱਜ ਨਵ-ਜੰਮੇ ਬੱਚੇ ਦੇ ਮੂੰਹ ਵਿੱਚੋਂ ਫਿਨਾਇਲ ਦੀ ਗੋਲੀ ਮਿਲੀ। ਸਿਹਤ ਮੁਲਾਜ਼ਮ ਵੀ ਬੱਚੇ ਦੇ ਮੂੰਹ ਵਿਚ ਇਹ ਗੋਲੀ ਦੇਖ ਕੇ ਹੈਰਾਨ ਸਨ। ਸੂਤਰਾਂ ਅਨੁਸਾਰ ਬੀਤੀ ਸ਼ਾਮ ਇਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਸੀ। ਅੱਜ ਸਵੇਰੇ ਜਦੋਂ ਉਹ ਬੱਚੇ ਦੇ ਟੀਕਾ ਲਗਵਾਉਣ ਲਈ ਗਈ ਤਾਂ ਬੱਚਾ ਕੋਈ ਹਰਕਤ ਨਹੀਂ ਸੀ ਕਰ ਰਿਹਾ। ਬੱਚੇ ਦੀ ਹਾਲਤ ਸਹੀ ਨਾ ਵੇਖ ਕੇ ਡਿਊਟੀ ’ਤੇ ਤਾਇਨਾਤ ਨਰਸ ਨੇ ਇਸ ਦੀ ਸੂਚਨਾ ਡਾਕਟਰ ਨੂੰ ਦਿੱਤੀ। ਡਾਕਟਰ ਨੇ ਆ ਕੇ ਜਦੋਂ ਬੱਚੇ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਬੱਚੇ ਦੇ ਮੂੰਹ ਵਿਚ ਫਿਨਾਇਲ ਦੀ ਗੋਲੀ ਸੀ। ਡਾਕਟਰ ਨੇ ਤੁਰੰਤ ਬੱਚੇ ਦੇ ਮੂੰਹ ਵਿਚੋਂ ਇਹ ਗੋਲੀ ਬਾਹਰ ਕੱਢੀ, ਜਿਸ ਮਗਰੋਂ ਬੱਚੇ ਦੀ ਹਾਲਤ ਵਿੱਚ ਸੁਧਾਰ ਹੋਇਆ। ਮਾਮਲੇ ਦੀ ਜਾਣਕਾਰੀ ਸੀਐੱਮਓ ਡਾ. ਕੁਲਦੀਪ ਸਿੰਘ ਨੂੰ ਦਿੱਤੀ ਗਈ। ਸੀਐੱਮਓ ਨੇ ਦੱਸਿਆ ਕਿ ਇਸ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।