ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਫਰਵਰੀ
ਗੁਲਾਬੀ ਸੁੰਡੀ ਅਤੇ ਬਾਰਿਸ਼ਾਂ ਕਾਰਨ ਖਰਾਬ ਹੋਈ ਫ਼ਸਲ ਸਬੰਧੀ ਮੁਆਵਜ਼ੇ ਬਾਰੇ ਗਲਤ ਰਿਪੋਰਟ ਤਿਆਰ ਕਰਨ ਖ਼ਿਲਾਫ਼ ਗਿਆਰਾਂ ਦਿਨਾਂ ਤੋਂ ਲਗਾਤਾਰ ਧਰਨਾ ਦੇਣ ਦੇ ਬਾਵਜੂਦ ਸੁਣਵਾਈ ਨਾ ਹੋਣ ’ਤੇ ਕਿਸਾਨਾਂ ਨੇ ਭਖਵੇਂ ਸੰਘਰਸ਼ ਦਾ ਐਲਾਨ ਕੀਤਾ ਹੈ। ਇਸੇ ਤਹਿਤ 1 ਮਾਰਚ ਨੂੰ ਡੱਬਵਾਲੀ ਵਿੱਚ ਜਨਨਾਇਕ ਜਨਤਾ ਪਾਰਟੀ ਦਾ ਦਫ਼ਤਰ ਘੇਰ ਕੇ ਆਗੂਆਂ ਤੋਂ ਸਮੱਸਿਆ ਬਾਰੇ ਜਵਾਬਤਲਬੀ ਕੀਤੀ ਜਾਵੇਗੀ। ਆਗੂਆਂ ਮੁਤਾਬਕ ਪ੍ਰਸ਼ਾਸਨ ਨੇ ਡੱਬਵਾਲੀ ਵਿੱਚ 70 ਫ਼ੀਸਦੀ ਤੋਂ ਵੱਧ ਫ਼ਸਲ ਖ਼ਰਾਬੇ ਦੀ ਗੱਲ ਆਖੀ ਸੀ। ਇਸਦੇ ਉਲਟ ਸਰਕਾਰ ਨੂੰ ਰਿਪੋਰਟ 25 ਫ਼ੀਸਦੀ ਖ਼ਰਾਬੇ ਦੀ ਭੇਜੀ ਗਈ। ਸਰਕਾਰੀ ਨਿਯਮਾਂ ਮੁਤਾਬਕ ਮੁਆਵਜ਼ਾ 26 ਫ਼ੀਸਦੀ ਫ਼ਸਲ ਖ਼ਰਾਬੇ ਤੋਂ ਸ਼ੁਰੂ ਹੁੰਦਾ ਹੈ। ਅਜਿਹੇ ’ਚ ਡੱਬਵਾਲੀ ਹਲਕੇ ਦੇ ਕਰੀਬ 55-56 ਪਿੰਡਾਂ ਦੇ ਹਜ਼ਾਰਾਂ ਕਿਸਾਨ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ। ਕਿਸਾਨ ਆਗੂ ਐੱਸਪੀ ਸਿੰਘ ਮਸੀਤਾਂ ਨੇ ਕਿਹਾ ਕਿ ਮਾਲ ਵਿਭਾਗ ਦੀ ਗਲਤੀ ਕਾਰਨ ਕਿਸਾਨ ਮੁਆਵਜ਼ੇ ਤੋਂ ਵਾਂਝੇ ਹੋਏ ਹਨ। ਮਸੀਤਾਂ ਨੇ ਐਲਾਨ ਕੀਤਾ ਕਿ ਜਜਪਾ ਦਫ਼ਤਰ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ।