ਡੱਬਵਾਲੀ (ਇਕਬਾਲ ਸਿੰਘ ਸ਼ਾਂਤ) ਬੀਤੇ ਕੱਲ ਸ਼ੱਕੀ ਹਾਲਾਤਾਂ ’ਚ ਮੌਤ ਦਾ ਸ਼ਿਕਾਰ ਬਣੀ ਵਿਆਹੁਤਾ ਔਰਤ ਆਰਤੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਅੱਜ ਸਿਟੀ ਥਾਣਾ ਘੇਰ ਕੇ ਹਾਈਵੇਅ ’ਤੇ ਧਰਨਾ ਦੇ ਕੇ ਰੋਸ ਜਤਾਇਆ। ਸੌ ਡੇਢ-ਸੌ ਮਰਦ-ਔਰਤ ਮੁਜਾਹਰਾਕਾਰੀ, ਮੁਕੱਦਮੇ ’ਚ ਨਾਮਜ਼ਦ ਸਹੁਰਾ ਪਰਿਵਾਰ ਦੇ ਮੈਂਬਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਹੁਰਾ ਪਰਿਵਾਰਾਂ ਨੇ ਦਾਜ ਲਈ ਉਨ੍ਹਾਂ ਦੀ ਲੜਕੀ ਦੀ ਹੱਤਿਆ ਕੀਤੀ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਉਹ ਮ੍ਰਿਤਕਾ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਧਰਨੇ ਦੀ ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਕੁਲਦੀਪ ਬੈਣੀਵਾਲ ਵੀ ਥਾਣੇ ਪੁੱਜ ਗਏ। ਧਰਨੇ ਕਾਰਨ ਕਾਫ਼ੀ ਗਿਣਤੀ ਪੁਲੀਸ ਅਮਲਾ ਥਾਣੇ ’ਚ ਤਾਇਨਾਤ ਸੀ। ਡੀਐੱਸਪੀ ਤੇ ਥਾਣਾ ਮੁਖੀ ਨਾਲ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੀ ਕਾਫ਼ੀ ਲੰਮੀ ਗੱਲਬਾਤ ਤੇ ਧਰਨਾ ਬਰਾਬਰ ਚੱਲਦਾ ਰਿਹਾ। ਮ੍ਰਿਤਕਾ ਆਰਤੀ ਦੇ ਪਿਤਾ ਮੰਗਤ ਰਾਏ ਤੇ ਲੜਕੀ ਦੇ ਮਾਮਾ ਸਤੀਸ਼ ਕੁਮਾਰ ਰਾਮਾ ਮੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਆਰਤੀ ਦੇ ਸਰੀਰ ’ਤੇ ਮਾਰ-ਕੁੱਟ ਦੇ ਨਿਸ਼ਾਨ ਸਨ। ਉਨ੍ਹਾਂ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਨੇ ਕਥਿਤ ਤੌਰ ’ਤੇ ਆਰਤੀ ਨੂੰ ਪਹਿਲਾਂ ਜ਼ਹਿਰ ਖੁਆਇਆ ਤੇ ਹੱਤਿਆ ਨੂੰ ਆਤਮਹੱਤਿਆ ਦਰਸਾਉਣ ਲਈ ਪੱਖੇ ’ਤੇ ਲਟਕਾ ਦਿੱਤਾ। ਪੁਲੀਸ ਨੇ ਵਾਰਸਾਂ ਨੂੰ ਭਰੋਸਾ ਦਿਵਾਇਆ ਕਿ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।