ਸਰਬਜੋਤ ਸਿੰਘ ਦੁੱਗਲ
ਕਰਨਾਲ, 9 ਫਰਵਰੀ
ਇਥੇ ਕਰਨਾਲ ਵਿੱਚ ਅਸੰਧ ਰੋਡ ਤੇ ਪਯੋਤ ਟੌਲ ਪਲਾਜ਼ਾ ਨੇੜੇ ਰਾਤ ਕਰੀਬ 2 ਵਜੇ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੈ। ਝੋਨੇ (ਜੀਰੀ) ਨਾਲ ਭਰੇ ਤੇਜ਼ ਰਫਤਾਰ ਓਵਰਲੋਡ ਟਰੱਕ ਨੇ ਡਾਇਲ 112 ਦੀ ਪੁਲੀਸ ਗੱਡੀ ਨੂੰ ਟੱਕਰ ਮਾਰੀ ਦਿੱਤੀ ਅਤੇ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਿਆ। ਇਸ ਕਾਰਨ ਵਾਹਨ ਦੇ ਪਰਖੱਚੇ ਉੱਡੇ ਗਏ ਅਤੇ ਗੱਡੀ ਵਿੱਚ ਬੈਠੇ 2 ਪੁਲੀਸ ਮੁਲਾਜ਼ਮ ਬੁਰੀ ਤਰ੍ਹਾਂ ਵਿੱਚ ਫਸ ਗਏ। ਜਦੋਂ ਟੌਲ ਮੁਲਾਜਮ ਨੇ ਹਾਦਸਾ ਵੇਖਿਆ, ਤਾਂ ਤੁਰੰਤ ਪੁਲੀਸ ਨੂੰ ਫੋਨ ਕੀਤਾ ਅਤੇ ਖੁਦ ਵੀ ਮਦਦ ਲਈ ਆਏ। ਪੁਲੀਸ ਅਤੇ ਟੌਲ ਮੁਲਾਜ਼ਮਾਂ ਦੀ ਘੰਟੇ ਦੀ ਮੁਸ਼ੱਕਤ ਮਗਰੋਂ ਦੋਵਾਂ ਮੁਲਾਜ਼ਮਾਂ ਨੂੰ ਗੱਡੀ ਵਿੱਚੋ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ। ਇਲਾਜ ਦੌਰਾਨ ਐੱਚਸੀ ਸੁਰਿੰਦਰ ਦੀ ਮੌਤ ਹੋ ਗਈ, ਜਦਕਿ ਐੱਸਆਈ ਮੁਕੇਸ਼ ਦੀ ਹਾਲਤ ਹਾਲੇ ਨਾਜ਼ੁਕ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੱਕਰ ਮਾਰ ਕੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਮੁਲਾਜਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪੁਲੀਸ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਡਾਇਲ 112 ਡੇਲੀ ਰੁਟੀਨ ਵਾਂਗ ਚੌਂਕ ’ਤੇ ਖੜ੍ਹੀ ਸੀ। ਕਰੀਬ ਢਾਈ ਵਜੇ ਗੱਡੀ ਨੂੰ ਅਸੰਧ ਵੱਲੋਂ ਆਏ ਟਰੱਕ ਨੇ ਟੱਕਰ ਮਾਰ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੱਡੀ ਦੇ ਕਾਗਜ਼ਾਤ ਮਿਲੇ ਹਨ। ਇਸ ਨਾਲ ਟਰੱਕ ਦੇ ਮਾਲਕ, ਚਾਲਕ ਅਤੇ ਹੋਰ ਲੋਕਾਂ ਦਾ ਪਤਾ ਲਗਾਇਆ ਜਾਵੇਗਾ।