ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 21 ਸਤੰਬਰ
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਬੁੱਧਵਾਰ ਨੂੰ ਗੁਰਦੁਆਰੇ ਦੇ ਮੈਨੇਜਰ ਅਮਰਿੰਦਰ ਸਿੰਘ ਨੂੰ ਐੱਚਐੱਸਜੀਪੀਸੀ ਕਮੇਟੀ ਨਾਲ ਜੁੜੇ ਅਹੁਦੇਦਾਰ ਦਾ ਕਥਿਤ ਤੌਰ ’ਤੇ ਫੋਨ ਆਇਆ ਕਿ ਉਹ ਅੱਜ ਗੁਰਦੁਆਰਾ ਦੀ ਸੇਵਾ ਸੰਭਾਲ ਲੈਣਗੇ। ਇਸ ਦੀ ਸੂਚਨਾ ਤੁਰੰਤ ਐਸਜੀਪੀਸੀ ਅੰਮ੍ਰਿਤਸਰ ਹੈੱਡਕੁਆਰਟਰ ਅਤੇ ਕੁਰੂਕਸ਼ੇਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ। ਜਲਦੀ ਹੀ ਜ਼ਿਲਾ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਅੰਦਰ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੀਨੀਅਰ ਆਗੂ ਕਵਲਜੀਤ ਸਿੰਘ ਅਜਰਾਣਾ, ਤਜਿੰਦਰ ਸਿੰਘ ਮੱਕੜ ਅਤੇ ਇੰਦਰ ਸਿੰਘ ਕਰਨਾਲ ਵੀ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਉਹ ਐੱਚਐੱਸਜੀਪੀਸੀ ਦੇ ਮੁਖੀ: ਝੀਂਡਾ
ਉਧਰ, ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਗੁਲ ਵਜਾਉਣ ਵਾਲੇ ਅਤੇ ਐਡਹਾਕ ਕਮੇਟੀ ਦੇ ਸੰਸਥਾਪਕ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸਾਥੀਆਂ ਸਮੇਤ ਬੁੱਧਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਪਹੁੰਚ ਕੇ ਕਮੇਟੀ ਦੇ ਗਠਨ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨਗੇ, ਇਸ ਲਈ ਕਿਸੇ ਮੁਲਾਜ਼ਮ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਨ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਨਰੂਲਾ, ਸਤਪਾਲ ਸਿੰਘ ਰਾਮਗੜ੍ਹੀਆ, ਬਲਵੰਤ ਸਿੰਘ ਫੌਜੀ ਅਤੇ ਅਪਾਰ ਸਿੰਘ ਕਿਸ਼ਨਗੜ੍ਹ ਤੋਂ ਇਲਾਵਾ ਸਵਰਨ ਸਿੰਘ ਪਿਹੋਵਾ, ਜੋਗਿੰਦਰ ਸਿੰਘ ਝੀਂਡਾ, ਹਰਮਨਪ੍ਰੀਤ ਸਿੰਘ, ਸਾਹਿਬ ਸਿੰਘ, ਨਵਦੀਪ ਸਿੰਘ ਪਿਹੋਵਾ, ਬਲਜੀਤ ਸਿੰਘ, ਦਲਜੀਤ ਸਿੰਘ ਬਾਜਵਾ, ਹਰਭਜਨ ਸਿੰਘ ਠਸਕਾ, ਹਰਪਾਲ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ, ਧਿਆਨ ਸਿੰਘ ਮੁਲਤਾਨੀ, ਬਖਸ਼ੀਸ਼ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।
ਮੈਂ ਹਰਿਆਣਾ ਕਮੇਟੀ ਦਾ ਮੁਖੀ: ਦਾਦੂਵਾਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹੋਣ ਦਾ ਦਾਅਵਾ ਕਰ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਬੁੱਧਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਪਹੁੰਚ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਉਨ੍ਹਾਂ ਦੱਸਿਆ ਕਿ ਜਗਦੀਸ਼ ਸਿੰਘ ਝੀਂਡਾ ਨੇ ਸਾਲ 2020 ਵਿੱਚ ਸਿਹਤ ਖਰਾਬ ਹੋਣ ਕਾਰਨ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਤਾਂ ਕਮੇਟੀ ਦੇ ਜਨਰਲ ਹਾਊਸ ਨੇ ਉਨ੍ਹਾਂ ਨੂੰ ਪਹਿਲਾਂ ਕਾਰਜਕਾਰੀ ਪ੍ਰਧਾਨ ਬਣਾਇਆ ਅਤੇ ਫਿਰ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰਿਆਣਾ ਕਮੇਟੀ ਦੇ ਮੁਖੀ ਹਨ। ਉਨ੍ਹਾਂ ਹਰਿਆਣਾ ਦੇ ਬਾਕੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵੀਰਵਾਰ ਨੂੰ ਸਵੇਰੇ 10 ਵਜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਆਪਣੇ ਲੈਟਰ ਹੈੱਡਾਂ ਸਮੇਤ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਸੌਂਪਣ। ਉਨ੍ਹਾਂ ਕਿਹਾ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਤੋਂ ਕੋਈ ਮੁਲਾਜ਼ਮ ਨਹੀਂ ਕੱਢਿਆ ਜਾਵੇਗਾ। ਜੇਕਰ ਕੋਈ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਨਾ ਚਾਹੁੰਦਾ, ਤਾਂ ਉਹ ਨੌਕਰੀ ਛੱਡ ਸਕਦਾ ਹੈ।ਇਸ ਦੌਰਾਨ ਉਨ੍ਹਾਂ ਨਾਲ ਕਮੇਟੀ ਮੈਂਬਰ ਸਵਰਨ ਸਿੰਘ ਰਤੀਆ ਅਤੇ ਬੀਬੀ ਬਲਜਿੰਦਰ ਕੌਰ ਵੀ ਹਾਜ਼ਰ ਸਨ।