ਨਿੱਜੀ ਪੱਤਰ ਪ੍ਰੇਰਕ
ਸਿਰਸਾ, 4 ਜਨਵਰੀ
ਐੱਚਐੱਸਈਬੀ ਵਰਕਰਜ਼ ਯੂਨੀਅਨ ਨੇ ਆਨਲਾਈਨ ਟਰਾਂਸਫਰ ਪਾਲਿਸੀ ਵਿੱਚ ਖਾਮੀਆਂ ਨੂੰ ਦੂਰ ਕੀਤੇ ਬਿਨਾਂ ਬਿਜਲੀ ਵਿਭਾਗ ਵਿੱਚ ਕੀਤੇ ਗਏ ਤਬਾਦਲਿਆਂ ਵਿਰੁੱਧ ਸਾਰੇ ਬਿਜਲੀ ਦਫਤਰਾਂ ਅੱਗੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ । ਅੱਜ ਸਬ ਅਰਬਨ ਸਬ ਡਿਵੀਜ਼ਨ ਵਿੱਚ ਇਕ ਘੰਟੇ ਦੇ ਕਰੀਬ ਕੀਤੇ ਮੁਜ਼ਾਹਰੇ ਦੀ ਪ੍ਰਧਾਨਗੀ ਸਬ ਯੂਨਿਟ ਪ੍ਰਧਾਨ ਸੰਜੈ ਸ਼ਰਮਾ ਅਤੇ ਹੁਸ਼ਿਆਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਰਾਜ ਕਾਨੂੰਨੀ ਸਲਾਹਕਾਰ ਵਿਕਾਸ ਠਾਕੁਰ ਨੇ ਦੱਸਿਆ ਕਿ ਪ੍ਰਬੰਧਨ ਵੱਲੋਂ ਬਿਜਲੀ ਨਿਗਮ ਵਿੱਚ ਜੋ ਟਰਾਂਸਫਰ ਪਾਲਿਸੀ ਬਣਾਈ ਗਈ ਹੈ, ਉਸ ਦਾ ਉਦੇਸ਼ ਹੀ ਸਾਰੇ ਦਫਤਰਾਂ ਵਿੱਚ ਸਟਾਫ ਦੀ ਬਰਾਬਰ ਵੰਡ ਲਿਖਿਆ ਗਿਆ ਹੈ, ਪਰ ਇਸ ਨੂੰ ਲਾਗੂ ਕਰਨ ਦੀ ਜੋ ਪ੍ਰਕਿਰਿਆ ਅਪਣਾਈ ਹੈ, ਉਸ ਵਿੱਚ ਜਿਨ੍ਹਾਂ ਦਫਤਰਾਂ ਵਿੱਚ ਕਲਰਕ ਸਟਾਫ ਨਹੀਂ ਹੈ, ਉੱਥੇ ਦੀ ਸਾਰੀਆਂ ਸੀਟਾਂ ਨੂੰ ਬਲੌਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਰਾਂਸਫਰ ਪਾਲਿਸੀ ਦੀਆਂ ਖਾਮੀਆਂ ਨੂੰ ਦੂਰ ਕਰਕੇ ਕਰਮਚਾਰੀਆਂ ਦੇ ਸ਼ੱਕ ਦੂਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਯੂਨੀਅਨ ਇਸ ਦਾ ਹਰ ਪੱਧਰ ’ਤੇ ਪੁਰਜੋਰ ਵਿਰੋਧ ਕਰੇਗੀ। ਇਸ ਰੋਸ ਪ੍ਰਦਰਸ਼ਨ ਵਿੱਚ ਅਮਿਤ ਮਹਿਤਾ, ਪ੍ਰਮੋਦ ਦਹੀਆ, ਲਾਭ ਸਿੰਘ, ਦੇਵਾ ਰਾਮ, ਵੀਰਭਾਨ, ਇੰਦਰਾਜ, ਪ੍ਰਵੀਨ ਕੁਮਾਰ ਸਮੇਤ ਹੋਰ ਕਰਮਚਾਰੀ ਮੌਜੂਦ ਸਨ।