ਪੱਤਰ ਪ੍ਰੇਰਕ
ਰਤੀਆ, 10 ਅਗਸਤ
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਇਲਾਕੇ ਦੇ ਪਿੰਡ ਭੂਥਨ ਕਲਾਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਬਿਜਲੀ ਮੰਤਰੀ ਨੇ ਪਿੰਡ ਦੀ ਗਊਸ਼ਾਲਾ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਸਮਾਗਮ ਵਿਚ ਫਤਿਆਬਾਦ ਦੇ ਵਿਧਾਇਕ ਡੁਡਾ ਰਾਮ ਅਤੇ ਰਤੀਆ ਦੇ ਵਿਧਾਇਕ ਐਡਵੋਕੇਟ ਲਛਮਣ ਨਾਪਾ ਸਮੇਤ ਜ਼ਿਲ੍ਹੇ ਦੇ ਪਤਵੰਤੇ ਹਾਜ਼ਰ ਸਨ। ਜ਼ਿਆਦਾਤਰ ਸਮੱਸਿਆਵਾਂ ਟਿਊਬਵੈੱਲ ਕੁਨੈਕਸ਼ਨ, ਢਾਣੀਆਂ ਵਿਚ ਬਿਜਲੀ ਕੁਨੈਕਸ਼ਨ, ਪਾਣੀ ਦੀ ਸਪਲਾਈ, ਰਾਸ਼ਨ ਕਾਰਡ ਬਣਵਾਉਣ ਆਦਿ ਨਾਲ ਸਬੰਧਤ ਰਹੀਆਂ, ਜਿਨ੍ਹਾਂ ਦਾ ਬਿਜਲੀ ਮੰਤਰੀ ਨੇ ਮੌਕੇ ’ਤੇ ਨਿਪਟਾਰਾ ਕੀਤਾ ਅਤੇ ਬਾਕੀ ਮੁਸ਼ਕਲਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਲੋਕਾਂ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਅਹਿਮ ਕਦਮ ਚੁੱਕਦੇ ਹੋਏ ਟਿਊਬਵੈੱਲ ਲਈ ਜਲਦ ਤੋਂ ਜਲਦ ਮੋਟਰ ਖਰੀਦਣ ਅਤੇ ਕੁਨੈਕਸ਼ਨ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸੂਬੇ ਦੇ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਹੈ ਤੇ ਇਸ ਲਈ ਬਿਜਲੀ ਵੰਡਣ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਖਪਤਕਾਰਾਂ ਤੱਕ ਬਿਜਲੀ ਸਪਲਾਈ ਪਹੁੰਚਾਉਣ ਲਈ ਜਿੱਥੇ ਵੀ ਪਾਵਰ ਹਾਊਸਾਂ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੋਵੇਗੀ ਉਥੇ ਅਪਗ੍ਰੇਡ ਕੀਤੇ ਜਾਣਗੇ। ਬਿਜਲੀ ਮੰਤਰੀ ਨੇ ਕਿਹਾ ਕਿ ਵਿਧਾਇਕ ਡੁਡਾ ਰਾਮ ਅਤੇ ਵਿਧਾਇਕ ਐਡਵੋਕੇਟ ਲਛਮਣ ਨਾਪਾ ਦੋਵੇਂ ਹੀ ਵਿਧਾਇਕ ਤਜਰਬੇਕਾਰ ਹਨ, ਜੋ ਇਲਾਕੇ ਦੇ ਵਿਕਾਸ ਲਈ ਕਾਰਜਸ਼ੀਲ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਇਸ ਇਲਾਕੇ ਦੀ ਜਨਤਾ ਸਰਕਾਰ ਤੋਂ ਹਰ ਤਰ੍ਹਾਂ ਦੇ ਕੰਮ ਲਵੇ ਤੇ ਉਹ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਹਨ।