ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 22 ਜੂਨ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਰੋਹਤਕ ਦੀ ਪਾਵਰ ਲਿਫਟਿੰਗ ਖਿਡਾਰਨ ਸੁਨੀਤਾ ਕਸ਼ਿਅਪ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਹੂਲਤਾਂ ਦੇ ਅਣਹੋਂਦ ਵਿਚ ਕਿਸੇ ਵੀ ਖਿਡਾਰੀ ਦਾ ਕਰੀਅਰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹੇ ਖਿਡਾਰੀਆਂ ਨੂੰ ਲੈ ਕੇ ਉਹ ਖੁਦ ਗੰਭੀਰ ਹਨ, ਕਿਉਂਕਿ ਉਹ ਖੁਦ ਇਸ ਦੌਰ ਤੋਂ ਗੁਜ਼ਰ ਚੁੱਕੇ ਹਨ। ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਜ਼ਿਲ੍ਹਾ ਖੇਡ ਅਧਿਕਾਰੀ ਰੋਹਤਕ ਨੂੰ ਨਿਰਦੇਸ਼ ਦਿੱਤੇ ਕਿ ਸੁਨੀਤਾ ਅਤੇ ਇਸ ਤਰ੍ਹਾਂ ਦੇ ਹੋਰ ਖਿਡਾਰੀਆਂ ਨੂੰ ਖੇਡ ਸਹੂਲਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਗੌਰਤਲਬ ਹੈ ਕਿ ਸੁਨੀਤਾ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਮਜ਼ਦੂਰੀ ਕਰ ਕੇ ਸਿਖਲਾਈ ਅਤੇ ਖੇਡ ਦਾ ਖਰਚ ਚੁੱਕ ਰਹੀ ਸੀ।