ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਅਕਤੂਬਰ
ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਅੱਜ ਦੀ ਪਹਿਲੀ ਪ੍ਰਭਾਤ ਫੇਰੀ ਤੜਕੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਸ਼ਹਿਰ ਦੀਆਂ ਗਲੀਆਂ ਵਿੱਚੋਂ ਗੁਰਬਾਣੀ ਦਾ ਕੀਰਤਨ ਕਰਦਿਆਂ ਕਿਲਾ ਸਿੱਖਾਂ ਲਾਹੌਰੀ ਗੇਟ ਪੁੱਜੀ। ਭਾਈ ਅਮਰਜੀਤ ਸਿੰਘ ਜੀ ਹਜ਼ੂਰੀ ਰਾਗੀ ਦੇ ਜਥੇ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ। ਗਿਆਨੀ ਸਾਹਿਬ ਸਿੰਘ ਨੇ ਗੁਰੂ ਨਾਨਕ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਜੀ ਵੱਲੋਂ ਦਿੱਤੇ ਉਪਦੇਸ਼ ‘ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ’ ਉੱਤੇ ਚੱਲਣਾ ਚਾਹੀਦਾ ਹੈ। ਸਟੇਜ ਸਕੱਤਰ ਦੀ ਸੇਵਾ ਕੁਲਵੰਤ ਸਿੰਘ ਚਾਵਲਾ ਰਫੀਕ ਨੇ ਕੀਤੀ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ, ਜਗਜੀਤ ਸਿੰਘ ਮਕੜ, ਭਗਵੰਤ ਸਿੰਘ, ਮਲਕਿੰਦਰ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਮੌਜੂਦ ਸਨ। ਪ੍ਰਭਾਤ ਫੇਰੀ ਦੇ ਪ੍ਰਬੰਧਕਾਂ ਵੱਲੋਂ ਸੰਗਤ ਲਈ ਚਾਹ ਤੇ ਬਰੈੱਡ ਪਕੌੜਿਆਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ।