ਫਰਿੰਦਰ ਪਾਲ ਗੁਲੀਆਨੀ
ਨਰਾਇਣਗੜ੍ਹ, 3 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਗਈਆਂ ਹਨੇ। ਇਸੇ ਸਬੰਧ ਵਿੱਚ ਅੱਜ ਪ੍ਰਭਾਤ ਫੇਰੀ ਸਵੇਰੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਕਈ ਥਾਵਾਂ ਤੋਂ ਹੁੰਦੀ ਹੋਈ ਧਰਮਵੀਰ ਭਸੀਨ ਦੇ ਘਰ ਵਿੱਚ ਪੁੱਜੀ। ਇੱਥੇ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਰਾਗੀ ਮਲਕੀਤ ਸਿੰਘ ਅਤੇ ਰਣਜੀਤ ਸਿੰਘ ਨੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ।
ਇਸ ਮੌਕੇ ਗੁਰਦੁਆਰੇ ਦੇ ਸਕੱਤਰ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮੁੱਚੇ ਸੰਸਾਰ ਨੂੰ ਸੰਵਾਰਨ ਦਾ ਕਾਰਜ ਕੀਤਾ, ਉੱਥੇ ਹੀ ਉਨ੍ਹਾਂ ਨੇ ਗਰੀਬਾਂ ਦਾ ਭਲਾ ਵੀ ਕੀਤਾ। ਉਨ੍ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਲੇਹ ਲੱਦਾਖ ਨੇੜੇ ਸਥਿਤ ਪੱਥਰ ਪੀਠ ਸਾਹਿਬ, ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਦੁੱਧ ਦੇ ਲੰਗਰ ਵਰਤਾਏ ਗਏ। ਇਸ ਮੌਕੇ ਸੁਰਜੀਤ ਸਿੰਘ, ਗਗਨਦੀਪ ਸਿੰਘ, ਅਜੇ ਭਸੀਨ, ਸਰਵਣ ਕੁਮਾਰ, ਅਮਿਤ ਵਾਲੀਆ, ਸੰਜੇ ਵਾਲੀਆ, ਯੋਗੇਸ਼ ਸੇਠੀ, ਰਾਜੇਸ਼ ਵਰਮਾ, ਸੁਸ਼ੀਲ ਬਰੌਲੀ, ਦਵਿੰਦਰ ਸਿੰਘ, ਬਲਵਿੰਦਰ ਭਾਟੀਆ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਮਨੋਹਰ ਚਾਨਣਾ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।