ਰਤਨ ਸਿੰਘ ਢਿੱਲੋਂ
ਅੰਬਾਲਾ, 28 ਸਤੰਬਰ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅੱਜ ਸਵੇਰੇ ਅੰਬਾਲਾ ਦੇ ਪਿੰਡ ਬੜੋਲਾ ਪਹੁੰਚੇ ਅਤੇ ਉਨ੍ਹਾਂ ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਈਸੜੂ (ਖੰਨਾ) ਵਾਸੀ ਮਾਸਟਰ ਕਰਨੈਲ ਸਿੰਘ ਦੀ ਪਤਨੀ ਬੀਬੀ ਚਰਨਜੀਤ ਕੌਰ ਨੂੰ ਦਸ ਲੱਖ ਰੁਪਏ ਦਾ ਚੈੱਕ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ।
ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੰਨ 1947 ਵਿੱਚ ਦੇਸ਼ ਤਾਂ ਆਜ਼ਾਦ ਹੋ ਗਿਆ ਸੀ ਪਰ ਗੋਆ, ਦਮਨ ਅਤੇ ਦਾਦਰਾ ਨਗਰ ਹਵੇਲੀ ਪੁਰਤਗਾਲੀਆਂ ਦੇ ਕਬਜ਼ੇ ਵਿੱਚ ਸਨ। ਦੇਸ਼ ਵਿੱਚ ਮੁਕੰਮਲ ਆਜ਼ਾਦੀ ਖਾਤਰ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਗੋਆ ਸਰਕਾਰ ਕਦੇ ਨਹੀਂ ਭੁਲਾ ਸਕਦੀ। ਉਨ੍ਹਾਂ ਦੱਸਿਆ ਕਿ ਗੋਆ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰ ਰਹੀ ਹੈ, ਜਿਸ ਤਹਿਤ ਉਹ ਬੀਬੀ ਚਰਨਜੀਤ ਕੌਰ ਦਾ ਸਨਮਾਨ ਕਰਨ ਲਈ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੋਆ ਦੀ ਆਜ਼ਾਦੀ ਦੇ ਸੰਗਰਾਮੀਆਂ ਨੂੰ ਹਰ ਤਰ੍ਹਾਂ ਮਦਦ ਮੁਹੱਈਆ ਕਰਾਵੇਗੀ। ਉਨ੍ਹਾਂ ਦੱਸਿਆ ਕਿ ਗੋਆ ਨੂੰ ਆਜ਼ਾਦ ਕਰਵਾਉਣ ਲਈ 1955 ਵਿੱਚ ਸ਼ੁਰੂ ਹੋਏ ਗੋਆ ਮੁਕਤ ਅੰਦੋਲਨ ਵਿੱਚ ਵਾਲੰਟੀਅਰ ਵਜੋਂ ਭਾਗ ਲੈਣ ਲਈ ਈਸੜੂ ਪਿੰਡ ਤੋਂ ਮਾਸਟਰ ਕਰਨੈਲ ਸਿੰਘ ਗਏ ਸਨ, ਜੋ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਸਾਵੰਤ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਉਸ ਵੇਲੇ ਕਾਂਗਰਸ ਸਰਕਾਰ ਚਾਹੁੰਦੀ ਤਾਂ ਗੋਆ 2-3 ਸਾਲਾਂ ਵਿੱਚ ਹੀ ਆਜ਼ਾਦ ਹੋ ਸਕਦਾ ਸੀ ਅਤੇ ਕਰਨੈਲ ਸਿੰਘ ਵਰਗੇ ਲੋਕ ਸ਼ਹੀਦ ਨਾ ਹੁੰਦੇ।
ਦੱਸਣਯੋਗ ਹੈ ਕਿ ਚਰਨਜੀਤ ਕੌਰ (86) ਦਾ ਛੋਟੀ ਉਮਰ ਵਿੱਚ ਹੀ ਈਸੜੂ ਵਾਸੀ ਕਰਨੈਲ ਸਿੰਘ ਨਾਲ ਵਿਆਹ ਹੋ ਗਿਆ ਸੀ ਪਰ ਮੁਕਲਾਵਾ ਨਾ ਹੋਣ ਕਰਕੇ ਉਹ ਆਪਣੇ ਪੇਕੇ ਪਿੰਡ ਬੜੋਲਾ ਹੀ ਰਹਿ ਰਹੇ ਸੀ। ਉਨ੍ਹਾਂ ਆਪਣੇ ਪਤੀ ਨੂੰ ਦੇਖਿਆ ਤੱਕ ਨਹੀਂ ਸੀ। ਗੋਆ ਮੁਕਤੀ ਅੰਦੋਲਨ ਦੌਰਾਨ ਮਾਸਟਰ ਕਿਸ਼ੋਰੀ ਲਾਲ ਦੇ ਸੱਦੇ ’ਤੇ ਮਾਸਟਰ ਕਰਨੈਲ ਸਿੰਘ ਅੰਦੋਲਨ ਵਿੱਚ ਭਾਗ ਲੈਣ ਲਈ ਗੱਡੀ ਰਾਹੀਂ ਰਵਾਨਾ ਹੋਏ ਸਨ। ਜਦੋਂ ਇਹ ਜਥਾ ਪਤਰਾ ਬਾਰਡਰ ’ਤੇ ਪਹੁੰਚ ਕੇ ਗੋਆ ਦੀ ਸਰਹੱਦ ਵਿੱਚ ਦਾਖਲ ਹੋਣ ਮਗਰੋਂ ਅੱਗੇ ਵੱਧ ਰਿਹਾ ਸੀ ਤਾਂ ਪੁਰਤਗਾਲੀ ਸੈਨਾ ਦੀ ਫਾਇਰਿੰਗ ਵਿੱਚ ਕਰਨੈਲ ਸਿੰਘ ਸ਼ਹੀਦ ਹੋ ਗਏ ਸਨ। ਚਰਨਜੀਤ ਕੌਰ ਨੇ ਪਤੀ ਦੀ ਸ਼ਹਾਦਤ ਮਗਰੋਂ ਦੂਜਾ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਤਾਉਮਰ ਸ਼ਹੀਦ ਦੀ ਵਿਧਵਾ ਰਹਿਣ ਦਾ ਫ਼ੈਸਲਾ ਕੀਤਾ।