ਕੇਕੇ ਬਾਂਸਲ
ਰਤੀਆ, 4 ਅਪਰੈਲ
ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਬਲਿਆਲਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ 5 ਅਪਰੈਲ ਨੂੰ ਰਤੀਆ ਅਨਾਜ ਮੰਡੀ ਵਿੱਚ ਹੋਣ ਵਾਲੀ ਰੈਲੀ ਦੀ ਸਫ਼ਲਤਾ ਲਈ ਅੱਜ ਇੱਕ ਦਰਜਨ ਪਿੰਡਾਂ ਦਾ ਦੌਰਾ ਕੀਤਾ ਹੈ। ਇਸ ਤੋਂ ਬਾਅਦ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅੰਕਿਤ ਸਿੰਗਲਾ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਬਲਿਆਲਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਤੀਆ ਰੈਲੀ ਇਤਿਹਾਸਕ ਹੋਵੇਗੀ ਅਤੇ ਇਹ ਰੈਲੀ ਪਿਛਲੇ ਰਿਕਾਰਡ ਤੋੜੇਗੀ। ਇਸ ਮੌਕੇ ਭਾਜਪਾ ਆਗੂ ਕਪਿਲ ਸਿੰਗਲਾ, ਗੁਰੂਚਰਨ ਸਿੰਘ, ਅੰਕਿਤ ਸਿੰਗਲਾ, ਵਿਜੇ ਕੁਮਾਰ ਵੀਰਾਬਾਦੀ, ਸਤਪਾਲ ਕੰਬੋਜ ਅਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਬਲਿਆਲਾ ਨੇ ਕਿਹਾ ਕਿ ਦੇਸ਼ ਦੇ ਲੋਕ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ ਅਤੇ ਦੇਸ਼ ਦੀਆਂ 400 ਤੋਂ ਵੱਧ ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਸਿਰਸਾ ਲੋਕ ਸਭਾ ਹਲਕੇ ਵਿੱਚ ਲੋਕਾਂ ਦਾ ਭਾਜਪਾ ਵੱਲ ਝੁਕਾਅ ਹੋਰ ਵੀ ਵੱਧ ਗਿਆ ਹੈ ਅਤੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਭਾਰੀ ਵੋਟਾਂ ਨਾਲ ਜਿੱਤਣਗੇ। ਰਵਿੰਦਰ ਬਲਿਆਲਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਤੀਆ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।