ਪੱਤਰ ਪ੍ਰੇਰਕ
ਯਮੁਨਾਨਗਰ, 30 ਅਕਤੂਬਰ
14 ਐੱਨਸੀਸੀ ਬਟਾਲੀਅਨ ਹਰਿਆਣਾ ਵੱਲੋਂ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਕਮਾਂਡਿੰਗ ਅਫਸਰ ਕਰਨਲ ਜਰਨੈਲ ਸਿੰਘ ਨੇ ਦੱਸਿਆ ਕਿ ਡਾ. ਮੇਜਰ ਹਰਿੰਦਰ ਸਿੰਘ ਕੰਗ ਨੇ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾਇਆ ਉੱਥੇ ਉਨ੍ਹਾਂ ਨੇ 28 ਸਾਲਾਂ ਤੋਂ ਵੱਧ ਸਮੇਂ ਤੱਕ ਐੱਨਸੀਸੀ ਦੀ ਸੇਵਾ ਕੀਤੀ ਅਤੇ ਆਪਣੇ ਪ੍ਰੀ-ਕਮਿਸ਼ਨ ਕੋਰਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਡਾਇਰੈਕਟਰ ਜਨਰਲ ਐੱਨਸੀਸੀ ਤੇ ਕਮਾਂਡੈਂਟ ਤੋਂ ਵੱਖ-ਵੱਖ ਤਗ਼ਮੇ ਤੇ ਪੁਰਸਕਾਰ ਪ੍ਰਾਪਤ ਕੀਤੇ ਹਨ। ਸੂਬੇਦਾਰ ਸ਼ਹਿਨਾਜ਼ ਹੁਸੈਨ ਨੇ ਕਿਹਾ ਕਿ ਡਾ. ਹਰਿੰਦਰ ਸਿੰਘ ਕੰਗ ਵੱਲੋਂ ਛੱਡੀ ਗਈ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। ਇਸ ਮੌਕੇ ਮੇਜਰ ਪ੍ਰਕਾਸ਼, ਲੈਫਟੀਨੈਂਟ ਅਨਿਲ ਕੁਮਾਰ, ਲੈਫਟੀਨੈਂਟ ਰਜਿੰਦਰ ਸਾਂਗਵਾਨ, ਫਸਟ ਅਫਸਰ ਨੀਰਜ ਕੁਮਾਰ ਅਤੇ ਸੈਕਿੰਡ ਅਫਸਰ ਅੰਜੂ ਗੰਭੀਰ ਆਦਿ ਹਾਜ਼ਰ ਸਨ।