ਪੱਤਰ ਪ੍ਰੇਰਕ
ਡੱਬਵਾਲੀ, 17 ਅਗਸਤ
ਖੇਤਰ ਵਿੱਚ ਨਰਮਾ, ਝੋਨਾ ਅਤੇ ਗੁਆਰ ਦੀਆਂ ਫਸਲਾਂ ਬਰਸਾਤ, ਨਹਿਰੀ ਪਾਣੀ ਅਤੇ ਬਿਜਲੀ ਦੀ ਕਿੱਲਤ ਕਾਰਨ ਸੁੱਕਣ ਦੇ ਕਗਾਰ ‘ਤੇ ਹਨ। ਫਸਲਾਂ ਨੂੰ ਬਚਾਉਣ ਦਾ ਇੱਕੋ-ਇੱਕ ਸਾਧਨ ਬਿਜਲੀ ਸੇਵਾ ਵੀ ਅਣਐਲਾਨੇ ਕੱਟਾਂ ਦਾ ਸ਼ਿਕਾਰ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਨਿਗਮ ਵੱਲੋਂ ਖੇਤੀ ਸੈਕਟਰ ਨੂੰ 8 ਘੰਟੇ ਬਿਜਲੀ ਦੇਣ ਦੇ ਕੀਤੇ ਦਾਅਵਿਆਂ ਦੇ ਉਲਟ ਹਕੀਕਤ ਵਿੱਚ ਬਿਜਲੀ ਸਿਰਫ਼ 6 ਘੰਟੇ ਹੀ ਦਿੱਤੀ ਜਾ ਰਹੀ ਹੈ। ਹਰ ਘੰਟੇ, ਦੋ ਘੰਟਿਆਂ ਵਿੱਚ 40-45 ਮਿੰਟਾਂ ਦੇ ਕੱਟ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਖ਼ਿਲਾਫ਼ ਕਿਸਾਨਾਂ ਨੇ ਸੰਘਰਸ਼ ਦਾ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਕਈ ਪਿੰਡਾਂ ਦੇ ਕਿਸਾਨਾਂ ਨੇ ਇੱਥੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਕਾਰਜਕਾਰੀ ਇੰਜਨੀਅਰ (ਇਨਫੋਰਸਮੈਂਟ) ਦੇ ਦਫਤਰ ਮੂਹਰੇ ਦੋ ਘੰਟੇ ਦਾ ਸੰਕੇਤਕ ਧਰਨਾ ਦਿੱਤਾ। ਕਿਸਾਨ ਮਿੱਠੂ ਕੰਬੋਜ, ਗੁਰਪਾਲ ਸਿੰਘ ਪੂਨੀਆ, ਬਲਵੀਰ ਸਿੰਘ ਖਾਲਸਾ, ਰਾਜੇਸ਼ ਲੱਖੂਆਣਾ, ਮਲਕੀਤ ਸਿੰਘ ਖਾਲਸਾ ਨੇ ਦੱਸਿਆ ਕਿ ਨਾਕਸ ਬਿਜਲੀ ਸਪਲਾਈ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਅਤੇ ਸਮੱਸਿਆਵਾਂ ਦਾ ਹੱਲ ਨਾ ਹੋਣ ’ਤੇ 22 ਅਗਸਤ ਨੂੰ ਬਿਜਲੀਘਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।