ਐੱਸਕੇ ਬਾਂਸਲ
ਰਤੀਆ, 3 ਜੂਨ
ਮੁੱਖ ਅੰਸ਼
- ਲੌਕਡਾਊਨ ਦੌਰਾਨ ਕਿਸ਼ਤਾਂ ਅਤੇ ਵਿਆਜ ਮੁਆਫ਼ ਕਰਨ ਦੀ ਮੰਗ
ਨਿੱਜੀ ਕੰਪਨੀਆਂ ਵੱਲੋਂ ਵਿਆਜ ’ਤੇ ਲਏ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਖ਼ਿਲਾਫ਼ ਪਿੰਡ ਰੋਜਾਂਵਾਲੀ ਦੀਆਂ ਔਰਤਾਂ ਨੇ ਅੱਜ ਰੋਸ ਜ਼ਾਹਰ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੰਪਨੀਆਂ ਤੋਂ ਵਿਆਜ ’ਤੇ ਲਈ ਰਾਸ਼ੀ ਦੀਆਂ ਕਿਸ਼ਤਾਂ ਅਤੇ ਵਿਆਜ ਮੁਆਫ਼ ਕੀਤਾ ਜਾਵੇ।
ਪਿੰਡ ਰੋਜਾਂਵਾਲੀ ਵਿੱਚ ਹੈਪੀ ਗਰੋਹਾ ਅਤੇ ਅਮਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅਕਲਦੀਪ ਕੌਰ, ਕੁਲਵੰਤ ਕੌਰ, ਪਰਨੀਤ ਕੌਰ, ਕੁਲਵਿੰਦਰ ਕੌਰ, ਸਰਵਜੀਤ ਕੌਰ, ਜਸਵੀਰ ਕੌਰ, ਮੰਜੂ ਬਾਲਾ, ਮੇਲੋ, ਗੁਰਮੀਤ ਕੌਰ, ਬਲਜੀਤ ਕੌਰ, ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸਵੈ-ਰੁਜ਼ਗਾਰ ਚਲਾਉਣ ਲਈ ਹੈਲਪ-ਗਰੁੱਪ ਬਣਾ ਕੇ ਕੰਪਨੀਆਂ ਤੋਂ ਵਿਆਜ ’ਤੇ ਕਰਜ਼ ਲਿਆ ਸੀ। ਹੁਣ ਲੰਬਾ ਸਮਾਂ ਲੌਕਡਾਊਨ ਹੋਣ ਕਾਰਨ ਉਹ ਵਿਆਜ ਅਤੇ ਕਿਸ਼ਤਾਂ ਦੇਣ ਵਿਚ ਅਸਮਰੱਥ ਹਨ, ਪਰ ਕੰਪਨੀਆਂ ਉਨ੍ਹਾਂ ’ਤੇ ਕਿਸ਼ਤਾਂ ਲਈ ਦਬਾਓ ਪਾ ਰਹੀਆਂ ਹਨ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਮਹਾਮਾਰੀ ਹੈ, ਉਹ ਕਿਸ਼ਤਾਂ ਨਹੀਂ ਭਰਨਗੀਆਂ।
ਹੈਪੀ ਗਰੋਹਾ ਅਤੇ ਅਮਨ ਰਤੀਆ ਨੇ ਕਿਹਾ ਕਿ ਪੂਰਾ ਵਿਸ਼ਵ ਕਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ , ਪਰ ਕੰਪਨੀਆਂ ਮਜ਼ਦੂਰ ਵਰਗ ਨੂੰ ਪ੍ਰੇਸ਼ਾਨ ਕਰਨ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਪੂੰਜੀਪਤੀਆਂ ਦੇ ਕਰੋੜਾਂ ਰੁਪਏ ਮੁਆਫ਼ ਕਰ ਰਹੀ ਹੈ ਅਤੇ ਦੂਜੇ ਪਾਸੇ ਮਜ਼ਦੂਰ ਅਤੇ ਗ਼ਰੀਬ ਵਰਗ ਦੀਆਂ ਮਾਮੂਲੀ ਕਿਸ਼ਤਾਂ ਮੁਆਫ਼ ਨਹੀਂ ਕੀਤੀਆਂ ਜਾ ਰਹੀਆਂ।