ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 13 ਜੁਲਾਈ
ਖੇਤਰ ਦੇ ਪਿੰਡ ਔਢਾਂ ਦੇ ਵਾਸੀਆਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਾਮਲੇ ’ਚ ਅੱਜ ਬੀਡੀਪੀਓ ਦਫ਼ਤਰ ਦੇ ਗੇਟ ਨੂੰ ਜਿੰਦਰਾ ਲਗਾ ਕੇ ਮੁਲਾਜ਼ਮਾਂ ਨੂੰ ਅੰਦਰ ਬੰਦ ਕਰ ਦਿੱਤਾ। ਇਸ ਦੌਰਾਨ ਪਿੰਡ ਦੇ ਵਾਰਡ ਨੰਬਰ 4, 5 ਤੇ 6 ਦੇ ਵਸਨੀਕਾਂ ਨੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਦੇ ਰੋਸ ਵਜੋਂ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਗੁਰਜੰਟ ਸਿੰਘ ਸਾਹੂ, ਨਛੱਤਰ ਸਿੰਘ, ਕੌਰ ਸਿੰਘ, ਸੁਭਾਸ਼ ਘੋਡੇਲਾ, ਰਾਮਜੀ ਲਾਲ, ਅਮਰੀਕ ਸਿੰਘ, ਸੋਹਣ ਲਾਲ, ਮੋਦਨ ਸਿੰਘ, ਜਗਜੀਤ ਸਿੰਘ, ਭੀਮ ਸੈਨ ਤੇ ਸੁਖਰਾਜ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਕਾਲਾਂਵਾਲੀ ਰੋਡ ’ਤੇ ਸਰਕਾਰੀ ਜ਼ਮੀਨ ਵਿੱਚ ਛੱਪੜ ਬਣਿਆ ਹੋਇਆ ਹੈ, ਜਿਸ ਵਿੱਚ ਬਰਸਾਤੀ ਤੇ ਉਨ੍ਹਾਂ ਦੇ ਘਰਾਂ ਦਾ ਪਾਣੀ ਜਾਂਦਾ ਹੈ। ਇਸ ਥਾਂ ’ਤੇ ਕੁਝ ਲੋਕ ਮਿੱਟੀ ਪਾ ਕੇ ਛੱਪੜ ਨੂੰ ਬੰਦ ਕਰ ਰਹੇ ਹਨ ਅਤੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰ ਕੇ ਮਕਾਨ ਤੇ ਦੁਕਾਨਾਂ ਬਣਾ ਰਹੇ ਹਨ। ਇਸ ਮੌਸਮ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਉਨ੍ਹਾਂ ਘਰਾਂ ਵਿੱਚ ਦਾਖਲ ਹੋਣ ਕਰਕੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ।
ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਛੱਪੜ ਦੀ ਖੁਦਾਈ ਕਰਵਾਈ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕੇ। ਉਧਰ ਮੁਜ਼ਾਹਰੇ ਦੀ ਸੂਚਨਾ ਮਿਲਣ ’ਤੇ ਔਢਾਂ ਦੇ ਥਾਣਾ ਮੁਖੀ ਕਰਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉੱਚ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਇਸ ਸਬੰਧੀ ਨਾਇਬ ਤਹਿਸੀਲਦਾਰ ਕਾਲਾਂਵਾਲੀ ਅਜੈ ਸਿੰਘ ਮਲਿਕ ਨੇ ਲੋਕਾਂ ਨੂੰ ਬੈਠ ਕੇ ਗੱਲਬਾਤ ਕਰਨ ਲਈ ਆਖਿਆ। ਲੋਕਾਂ ਨੇ ਗੇਟ ਦਾ ਜਿੰਦਰਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਸਮੂਹ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ ਅਤੇ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੂੰ ਕਿਹਾ ਕਿ ਛੱਪੜ ਦੀ ਛੇਤੀ ਹੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਛੱਪੜ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ। ਜਾਣਕਾਰੀ ਮੁਤਾਬਿਕ ਅਧਿਕਾਰੀਆਂ ਦੇ ਭਰੋਸੇ ਮਗਰੋਂ ਲੋਕਾਂ ਨੇ ਆਪਣਾ ਰੋਸ ਮੁਜ਼ਾਹਰਾ ਖਤਮ ਕਰ ਦਿੱਤਾ।