ਰਤਨ ਸਿੰਘ ਢਿੱਲੋਂ
ਅੰਬਾਲਾ, 16 ਮਈ
ਅੰਬਾਲਾ ਦੇ ਭਾਜਪਾ ਵਿਧਾਇਕ ਅਸੀਮ ਗੋਇਲ ਵੱਲੋਂ 3 ਮਈ ਨੂੰ ਇਕ ਪ੍ਰੋਗਰਾਮ ਦੌਰਾਨ ਹਿੰਦੂ ਰਾਸ਼ਟਰ ਬਣਾਉਣ ਲਈ ਬਲੀਦਾਨ ਦੇਣ ਅਤੇ ਬਲੀਦਾਨ ਲੈਣ ਦੀ ਸਹੁੰ ਚੁੱਕਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਰ ਪਾਸਿਓਂ ਵਿਧਾਇਕ ਦਾ ਵਿਰੋਧ ਹੋ ਰਿਹਾ ਹੈ। ਉਸ ਦੇ ਵਿਰੁੱਧ ਪੁਲੀਸ ਨੂੰ 4 ਮਈ ਨੂੰ ਦਿੱਤੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਣ ਅਤੇ ਪ੍ਰਸ਼ਾਸਨ ਦੇ ਰਵੱਈਏ ਖ਼ਿਲਾਫ਼ ਸਰਵ ਸਮਾਜ ਵੱਲੋਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਰੋਸ ਮਾਰਚ ਦੌਰਾਨ ਸਰਵ ਸਮਾਜ ਵੱਲੋਂ ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਅਰੇ ਲਾਏ।
ਜਾਣਕਾਰੀ ਮੁਤਾਬਿਕ ਵੱਖ-ਵੱਖ ਵਰਗਾਂ ਦਾ ਇਹ ਸ਼ਾਂਤੀਪੂਰਨ ਵਿਸ਼ਾਲ ਮਾਰਚ ਗੁਰਦੁਆਰਾ ਮੰਜੀ ਸਾਹਿਬ ਤੋਂ ਸ਼ੁਰੂ ਹੋ ਕੇ ਐਸ.ਪੀ ਅੰਬਾਲਾ ਦੇ ਦਫ਼ਤਰ ਪਹੁੰਚਿਆ ਅਤੇ ਸਾਰੇ ਧਰਮਾਂ ਦੇ ਆਗੂਆਂ ਨੇ ਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਕਿ ਵਿਧਾਇਕ ਅਸੀਮ ਗੋਇਲ ਤੇ ਉਨ੍ਹਾਂ ਦੇ ਸਾਥੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਐੱਸਪੀ ਨੇ ਇਸ ਮਾਮਲੇ ਵਿਚ 7 ਦਿਨਾਂ ਦੇ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਆਗੂਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਭਾਨੋਖੇੜੀ, ਹਿੰਦੂ ਸਮਾਜ ਤੋਂ ਸ਼ਰਨਪਾਲ ਸਚਦੇਵਾ, ਈਸਾਈ ਧਰਮ ਤੋਂ ਸੁਰਿੰਦਰ ਜੋਸ਼ ਤੇ ਪ੍ਰਦੀਪ ਮਸੀਹ ਆਦਿ ਸ਼ਾਮਲ ਸਨ।
ਦੂਜੇ ਪਾਸੇ ਰੋਸ ਮਾਰਚ ਨੂੰ ਦੇਖਦਿਆਂ ਸ਼ਹਿਰ ਵਿਚ ਪੁਲੀਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਪੁਲੀਸ ਨੇ ਵਿਧਾਇਕ ਦੀ ਰਿਹਾਇਸ਼ ਅੱਗੇ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ।
ਸ਼ਿਕਾਇਤ ਡੀਏ ਦਫ਼ਤਰ ਨੂੰ ਭੇਜੀ: ਐੱਸਪੀ
ਐੱਸਪੀ ਜਸ਼ਨਦੀਪ ਰੰਧਾਵਾ ਨੇ ਦੱਸਿਆ ਕਿ ਸਿੱਖ ਸਮਾਜ ਵੱਲੋਂ ਵਿਧਾਇਕ ਅਸੀਮ ਗੋਇਲ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੀ ਜਾਂਚ ਡੀਐੱਸਪੀ ਨੇ ਕੀਤੀ ਹੈ। ਸ਼ਿਕਾਇਤ ਕਾਨੂੰਨੀ ਸਲਾਹ ਲਈ ਡੀਏ ਦਫ਼ਤਰ ਨੂੰ ਭੇਜੀ ਗਈ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।