ਯਮੁਨਾਨਗਰ (ਦਵਿੰਦਰ ਸਿੰਘ): ਹਾਥਰਸ ਵਿੱਚ ਹੋਏ ਗੈਂਗਰੇਪ ਅਤੇ ਹੱਤਿਆਕਾਂਡ ਨੂੰ ਲੈ ਕੇ ਅਨੁਸੂਚਿਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਨੁਸੂਚਿਤ ਭਾਈਚਾਰੇ ਦੇ ਵੱਖ ਵੱਖ ਸੰਗਠਨਾਂ ਨੇ ਅਨਾਜ ਮੰਡੀ ਗੇਟ ’ਤੇ ਇੱਕਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੰਦਿਆਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ, ਪੀੜਤਾ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਅਤੇ ਮਾਮਲੇ ਨੂੰ ਖੁਰਦਬੁਰਦ ਕਰਨ ਵਾਲੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਮੁਜ਼ਾਹਰੇ ਦੀ ਅਗਵਾਈ ਆਲ ਇੰਡੀਆ ਹਰਿਆਣਾ ਐੱਸਸੀ ਐਂਪਲਾਈਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਨੇ ਕੀਤੀ। ਜ਼ਿਲ੍ਹਾ ਪ੍ਰਧਾਨ ਸਵਿੰਦਰੋ ਨੇ ਕਿਹਾ ਕਿ ਅਜੇ ਇਸ ਲੜਕੀ ਦੀ ਚਿਖਾ ਠੰਢੀ ਵੀ ਨਹੀਂ ਹੋਈ ਸੀ ਕਿ ਯੂਪੀ ਦੇ ਬਲਰਾਮਪੁਰ ਵਿੱਚ ਇੱਕ ਹੋਰ ਦਲਿਤ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਅਤੇ ਉਸ ਦੀ ਹੱਥ ਪੈਰ ਅਤੇ ਗਰਦਨ ਦੀ ਹੱਡੀ ਤੋੜ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਜ਼ਾਹਰਾਕਾਰੀਆਂ ਨੇ ਇਸ ਮਾਮਲੇ ਦੀ ਫਾਸਟ ਟ੍ਰੈਕ ਕੋਰਟ ਵਿੱਚ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਅੰਬੇਡਕਰ ਯੁਵਾ ਮੰਚ ਦੇ ਨਿਤਿਨ ਮਸਾਨਾ ਅਤੇ ਅੰਬੇਡਕਰ ਸਟੂਡੇੈਂਟ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਹੁਲ ਫਿਰੋਜ਼ਪੁਰ ਦਾ ਕਹਿਣਾ ਸੀ ਕਿ ਹਾਥਰਸ ਦੀ ਘਟਨਾ ਜਾਤੀਵਾਦ ਦਾ ਜ਼ਿੰਦਾ ਸਬੂਤ ਹੈ।
ਨਰਾਇਣਗੜ੍ਹ (ਫਰਿੰਦਰ ਗੁਲਿਆਣੀ): ਅਨੁਸੂਚਿਤ ਜਾਤੀ ਤੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਇੱਕ ਬੈਠਕ ਅੰਬੇਡਕਰ ਭਵਨ ਵਿੱਚ ਕੀਤੀ, ਜਿਸ ਵਿੱਚ ਨਰਾਇਣਗੜ੍ਹ ਦੀ ਹਲਕਾ ਵਿਧਾਇਕ ਸ਼ੌਲੀ ਚੌਧਰੀ ਵੀ ਹਾਜ਼ਰ ਸਨ। ਇਸ ਮਗਰੋਂ ਸਾਰਿਆਂ ਨੇ ਇੱਕ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਅੰਬੇਡਕਰ ਭਵਨ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਅੰਬਡਕਰ ਚੌਕ, ਸੁਭਾਸ਼ ਚੌਕ ਤੋਂ ਹੁੰਦਾ ਹੋਇਆ ਮਿਨੀ ਸਕੱਤਰੇਤ ਪਹੁੰਚਿਆ, ਜਿੱਥੇ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਾਥਰਸ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਦਲਿਤ ਨੇਤਾ ਮੁਲਖ ਰਾਜ ਨੇ ਵੀ ਸੰਬੋਧਨ ਕੀਤਾ ਅਤੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ। ਦੂਜੇ ਪਾਸੇ ਨਗਰ ਨਿਗਮ ਤੇ ਸਰਬ ਕਰਮਚਾਰੀ ਸੰਘ ਦੇ ਮੈਂਬਰਾਂ ਨੇ ਵੀ ਇਸੇ ਮਾਮਲੇ ਨੂੰ ਲੈ ਕੇ ਇੱਕ ਰੋਸ ਮਾਰਚ ਕੱਢਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।