ਪ੍ਰਭੂ ਦਿਆਲ
ਸਿਰਸਾ, 20 ਅਕਤੂਬਰ
ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦੇਣ ਨਾਲ ਡੇਰਾ ਮੁਖੀ ਤੇ ਭਾਜਪਾ ਆਗੂਆਂ ਦੀ ਨੇੜਤਾ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੈਰੋਲ ’ਤੇ ਬਾਹਰ ਆਏ ਡੇਰਾ ਮੁਖੀ ਵੱਲੋਂ ਲਾਈਵ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਤੇ ਕਰਨਾਲ ਦੀ ਮੇਅਰ ਸਮੇਤ ਕਈ ਆਗੂ ਚੋਣ ਜਿੱਤਣ ਲਈ ਡੇਰਾ ਮੁਖੀ ਨਾਲ ਨੇੜਤਾ ਬਣਾਉਂਦੇ ਨਜ਼ਰ ਆ ਰਹੇ ਹਨ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦਾ ਪਹਿਲਾਂ ਹੀ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਡੇਰਾ ਮੁਖੀ ਨੂੰ ਚੋਣਾਂ ’ਚ ਲਾਹਾ ਲੈਣ ਲਈ ਪੈਰੋਲ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਡੇਰਾ ਮੁਖੀ ਦੇ ਪ੍ਰੋਗਰਾਮਾਂ ਵਿੱਚ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਤੇ ਹੋਰ ਕਈ ਭਾਜਪਾ ਆਗੂਆਂ ਦੀ ਹਾਜ਼ਰੀ ਨੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋ ਸਾਧਵੀਆਂ ਨਾਲ ਜਬਰ-ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਰਣਜੀਤ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਸਜ਼ਾ ਕੱਟਣ ਵਾਲੇ ਡੇਰਾ ਮੁਖੀ ਨੂੰ ਪੈਰੋਲ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਛਤਰਪਤੀ ਨੇ ਕਿਹਾ ਕਿ ਜਦੋਂ ਬੀਜੇਪੀ ਸੱਤਾ ਵਿੱਚ ਆਈ ਸੀ ਤਾਂ ਉਨ੍ਹਾਂ ਦੇ 38 ਐੱਮਐੱਲਏ ਡੇਰਾ ਮੁਖੀ ਦਾ ਧੰਨਵਾਦ ਕਰਨ ਲਈ ਡੇੇਰੇ ਵਿੱਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਰਾਹੀਂ ਚੋਣਾਂ ਵਿੱਚ ਲਾਹਾ ਲੈਣ ਦੀ ਇਸ ਸਾਜਿਸ਼ ਬਾਰੇ ਕਿਸੇ ਵਿਰੋਧੀ ਆਗੂ ਵੱਲੋਂ ਵੀ ਇਤਰਾਜ਼ ਨਹੀਂ ਉਠਾਇਆ ਜਾ ਰਿਹਾ।