ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਪਰੈਲ
ਵਕਫ ਬੋਰਡ ਲੈਂਡ ਹੋਲਡਰ ਐਸੋਸੀਏਸ਼ਨ ਨੇ ਵਕਫ ਬੋਰਡ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ। ਲੋਕਾਂ ਨੇ ਕਿਹਾ ਕਿ ਵਕਫ ਬੋਰਡ ਦੇ ਨਿਯਮਾਂ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਵਕਫ ਬੋਰਡ ਦੇ ਤਾਨਾਸ਼ਾਹੀ ਰਵੱਈਏ ਕਰਕੇ ਇਸ ਨੂੰ ਭੰਗ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਕਫ ਬੋਰਫ ਦੇ ਰਵੱਈਏ ਕਰਕੇ ਲੋਕ ਘਰ ਤੋਂ ਬੇਘਰ ਹੋ ਰਹੇ ਹਨ ਤੇ ਨਿੱਤ ਨਵੇਂ ਕਾਨੂੰਨ ਬਣਾ ਕੇ ਉਨ੍ਹਾਂ ’ਤੇ ਥੋਪੇ ਜਾ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਸੇਠੀ ਤੇ ਡਾ. ਗੁਲਸ਼ਨ ਕਵਾਤਰਾ ਨੇ ਕਿਹਾ ਕਿ ਪਿਛਲੇ 50-50 ਸਾਲਾਂ ਤੋਂ ਲੋਕ ਘਰਾਂ ਤੇ ਦੁਕਾਨਾਂ ਦਾ ਕਿਰਾਇਆ ਭਰ ਰਹੇ ਹਨ। ਇਸ ਦੇ ਬਵਜੂਦ ਵੀ ਉਨ੍ਹਾਂ ਨੂੰ ਮਾਲਿਕਾਨਾ ਹੱਕ ਨਹੀਂ ਮਿਲ ਰਿਹਾ ਤੇ ਉਨ੍ਹਾਂ ਨੂੰ ਘਰਾਂ ਤੇ ਦੁਕਾਨਾਂ ਤੋਂ ਬਾਹਰ ਕੱਢਣ ਦੀਆਂ ਧਮਕੀਆਂ ਤੇ ਆਏ ਦਿਨ ਨਵੇਂ ਨੋਟਿਸ ਭੇਜੇ ਜਾਂਦੇ ਹਨ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਜੋ ਲੋਕ ਪਿਛਲੇ 10 ਸਾਲਾਂ ਤੋਂ ਵਕਫ ਬੋਰਫ ਦੀਆਂ ਦੁਕਾਨਾਂ ਜਾਂ ਘਰਾਂ ਵਿਚ ਬੈਠੇ ਹਨ ਉਨ੍ਹਾਂ ਨੂੰ ਮਾਲਿਕਾਨਾ ਹੱਕ ਮਿਲਣੇ ਚਾਹੀਦੇ ਹਨ। ਲੋਕਾਂ ਨੇ ਮੁੱਖ ਮੰਤਰੀ ਤੋਂ ਵੀ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰਦੇ ਲੋਕਾਂ ਨੂੰ ਰਾਹਤ ਦੇਣ ਤੇ ਸੂਬੇ ਦੇ ਲੋਕਾਂ ਨੂੰ ਵਕਫ ਬੋਰਡ ਤੋਂ ਛੁਟਕਾਰਾ ਦਿਵਾਉਣ ਦੀ ਪਹਿਲ ਕਰਨ। ਇਸ ਮੌਕੇ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਜੋ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੇਗੀ। ਇਸ ਮੌਕੇ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਜੇ ਮਸਲੇ ਦਾ ਹੱਲ ਜਲਦੀ ਨਾਲ ਹੋਇਆ ਤਾਂ ਸੰਘਰਸ਼ ਬਾਰੇ ਵਿਚਾਰਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਐਸੋਸੀਏਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਐਸੋਸੀਏਸ਼ਨ ਦੀ ਮੀਟਿੰਗਾਂ ਵਿੱਚ ਹਾਜ਼ਰੀ ਭਰਨ ਲਈ ਕਿਹਾ।