ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਮਾਰਚ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਇੱਥੇ ਕਿਹਾ ਕਿ ਹਰਿਆਣਾ ਵਾਂਗ ਪੰਜਾਬ ਨੂੰ ਵੀ 14 ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ। 3 ਮਾਰਚ ਨੂੰ ਕਰਨਾਲ ਵਿਚ ਜਨ ਨਾਇਕ ਜਨਤਾ ਪਾਰਟੀ ਦੀ ਰਾਸ਼ਟਰੀ ਤੇ ਸੂਬਾ ਕਾਰਜਕਾਰਨੀ ਦੀ ਅਹਿਮ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬੈਠਕ ਵਿਚ ਜੇਜੇਪੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਗਾਮੀ ਰਣਨੀਤੀ ਤਿਆਰ ਕੀਤੀ ਜਾਏਗੀ ਤੇ ਸੰਗਠਨ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਪਾਰਟੀ ਆਹੁਦੇਦਾਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ। ਚੌਟਾਲਾ ਅੱਜ ਕੁਰੂਕਸ਼ੇਤਰ ਵਿਚ ਆਪਣੇ ਦੌਰੇ ਦੋਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਭਾਜਪਾ-ਜਜਪਾ ਗੱਠਜੋੜ ਦੇ ਸੁਆਲ ’ਤੇ ਉਨ੍ਹਾਂ ਕਿਹਾ ਕਿ ਇਸ ਵਿਸ਼ੇ ’ਤੇ ਐੱਨਡੀਏ ਦੀ ਬੈਠਕ ਵਿਚ ਫੈਸਲਾ ਲਿਆ ਜਾਏਗਾ। ਕਿਸਾਨ ਅੰਦੋਲਨ ਦੇ ਸੁਆਲ ’ਤੇ ਚੌਟਾਲਾ ਨੇ ਕਿਹਾ ਕਿ ਨਫੇ ਸਿੰਘ ਕਤਲ ਮਾਮਲੇ ਵਿਚ ਵਿਚ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਪਰਿਵਾਰ ਦੀ ਮੰਗ ’ਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਝੱਜਰ ਦੇ ਐੱਸਪੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਦੌਰਾਨ ਚੌਟਾਲਾ ਨੇ ਹਰਿਆਣਾ ਦੇ ਇਕਲੌਤੇ ‘ਪ੍ਰਧਾਨ ਮੰਤਰੀ ਯੁਵਾ ਲੇਖਕ ਸਨਮਾਨ’ ਨਾਲ ਸਨਮਾਨਿਤ ਸਰਤਾਜ ਸਿੰਘ ਨਾਲ ਵੀ ਮੁਲਾਕਾਤ ਕੀਤੀ। ਦੁਸ਼ਿਅੰਤ ਚੌਟਾਲਾ ਨੇ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਲਈ ਸਰਤਾਜ ਸਿੰਘ ਦੀ ਸ਼ਲਾਘਾ ਕੀਤੀ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਬਾਕੀਆਂ ਨੂੰ ਵਧ ਤੋਂ ਵਧ ਪੜ੍ਹਾਈ ਕਰ ਕੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।
ਸਰਤਾਜ ਨੇ ਚੌਟਾਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੁਸਤਕ ਭੇਟ ਕੀਤੀ। ਅੰਤ ਵਿੱਚ ਚੌਟਾਲਾ ਨੇ ਕਿਹਾ ਕਿ ਗੱਠਜੋੜ ਦੀ ਅਗਵਾਈ ਹੇਠ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦਾ ਵੱਡੀ ਗਿਣਤੀ ਲਾਭਪਾਤਰੀਆਂ ਨੇ ਲਾਭ ਲਿਆ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਲਈ ਕਾਰਜ ਕਰਦੇ ਰਹਿਣਗੇ। ਇਸ ਮੌਕੇ ਜੇਜੇਪੀ ਵਿਧਾਇਕ ਰਾਮ ਕਰਣ ਕਾਲਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ, ਯੁਵਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਖਹਿਰਾ, ਜਗਬੀਰ ਮੋਹੜੀ, ਜੋਗ ਧਿਆਨ ਲਾਡਵਾ, ਸੁਨੀਲ ਰਾਣਾ ਤੇ ਹੋਰ ਹਾਜ਼ਰ ਸਨ।