ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਵਿੱਚ ਲਗਾਤਾਰ ਤੀਜੇ ਦਿਨ ਪੈ ਰਹੇ ਮੀਂਹ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਟੀਮਾਂ ਨਾਲ ਮਿਲ ਕੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਤੇ ਪਾਣੀ ਦੀ ਨਿਕਾਸੀ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੁਹਾਲੀ, ਰੂਪਨਗਰ, ਫ਼ਤਿਹਗੜ੍ਹ ਸਾਹਿਬ, ਜਲੰਧਰ ਦਿਹਾਤੀ ਅਤੇ ਪਟਿਆਲਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਏ ਪਾੜਾਂ ਨੂੰ ਪੂਰਨ ਅਤੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਬਚਾਅ ਕਾਰਜਾਂ ਲਈ ਐੱਨਡੀਆਰਐੱਫ ਦੀਆਂ 15 ਟੀਮਾਂ ਤੇ ਐੱਸਡੀਆਰਐੱਫ ਦੀਆਂ ਦੋ ਯੂਨਿਟਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਸੈਨਾ ਦੀਆਂ 12 ਟੁਕੜੀਆਂ ਵੀ ਬੁਲਾਈਆਂ ਗਈਆਂ ਹਨ। ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਫ਼ੌਜ ਨਾਲ ਮਿਲ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਬੇਹੱਦ ਚੁਣੌਤੀਪੂਰਨ ਹਾਲਾਤ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਟੇਟ ਕੰਟਰੋਲ ਰੂਮ 24 ਘੰਟੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਸਬੰਧਤ ਜ਼ਿਲ੍ਹਿਆਂ ਦੀ ਅਸਲ ਸਥਿਤੀ ਜਾਣਨ ਲਈ ਜ਼ਿਲ੍ਹਿਆਂ ਤੋਂ ਘੰਟਿਆਂਬੱਧੀ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਡੀਜੀਪੀ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਉਹ 112 ਹੈਲਪਲਾਈਨ ਨੰਬਰ ’ਤੇ ਫੋਨ ਕਰ ਸਕਦਾ ਹੈ। ਡੀਜੀਪੀ ਨੇ ਦੱਸਿਆ ਕਿ ਪੁਲੀਸ ਅਤੇ ਬਚਾਅ ਟੀਮਾਂ ਵੱਲੋਂ ਸਿੰਜਾਈ ਅਤੇ ਡਰੇਨੇਜ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੇ ਦਿਨਾਂ ’ਚ ਡੈਮਾਂ ਤੋਂ ਛੱਡੇ ਜਾਣ ਵਾਲੇ ਪਾਣੀ ਦੇ ਪੈਣ ਵਾਲੇ ਪ੍ਰਭਾਵ ਨੂੰ ਅਗਾਊਂ ਠੱਲਿਆ ਜਾ ਸਕੇ। ਉਨ੍ਹਾਂ ਨੀਵੇਂ ਇਲਾਕਿਆਂ ਜਾਂ ਹੜ੍ਹਾਂ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਆਪਣੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੀਤੇ ਗਏ ਸੁਰੱਖਿਅਤ ਸਥਾਨਾਂ ਜਾਂ ਰਾਹਤ ਕੇਂਦਰਾਂ ਵਿੱਚ ਜਾਣ ਦੀ ਅਪੀਲ ਕੀਤੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰੇਤ ਦੇ ਥੈਲੇ, ਟੈਂਟ, ਲਾਈਟਾਂ, ਲੰਗਰ ਅਤੇ ਖਾਣੇ ਦੇ ਪੈਕੇਟ, ਦਵਾਈਆਂ ਤੇ ਐਂਬੂਲੈਂਸਾਂ, ਬਚਾਅ ਕਿਸ਼ਤੀਆਂ, ਰਿਕਵਰੀ ਵੈਨ/ਜੇਸੀਬੀ, ਲਾਈਫ ਜੈਕੇਟਾਂ, ਸੰਚਾਰ ਤੇ ਜਨਤਕ ਸੰਬੋਧਨ ਪ੍ਰਣਾਲੀਆਂ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਚਿਤਕਾਰਾ ਯੂਨੀਵਰਸਿਟੀ ’ਚੋਂ 900 ਤੋਂ ਵੱਧ ਵਿਦਿਆਰਥੀ ਸੁਰੱਖਿਅਤ ਕੱਢੇ
ਅੰਬਾਲਾ (ਰਤਨ ਸਿੰਘ ਢਿੱਲੋਂ): ਪੰਜਾਬ ਅਤੇ ਹਰਿਆਣਾ ’ਚ ਮੀਂਹ ਦੀ ਮਾਰ ਹੇਠ ਆਏ ਇਲਾਕਿਆਂ ’ਚ ਫ਼ੌਜ ਵੱਲੋਂ ਪ੍ਰਸ਼ਾਸਨ, ਐੱਨਡੀਆਰਐੱਫ ਅਤੇ ਪੁਲੀਸ ਨਾਲ ਤਾਲਮੇਲ ਬਣਾ ਕੇ ਬਚਾਅ ਅਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਪੱਛਮੀ ਕਮਾਂਡ ਦੇ ਹੜ੍ਹ ਰਾਹਤ ਬਲਾਂ ਨੂੰ ਉਚੇਚੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਰੂਪਨਗਰ, ਮੁਹਾਲੀ ਅਤੇ ਪੰਚਕੂਲਾ ਦੇ ਪ੍ਰਭਾਵਿਤ ਖੇਤਰਾਂ ਵਿੱਚ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ। ਇੰਜਨੀਅਰਿੰਗ ਯੂਨਿਟਾਂ ਦੇ ਜਵਾਨਾਂ ਨਾਲ ਮਿਲ ਕੇ ਫ਼ੌਜੀ ਲੋਕਾਂ ਅਤੇ ਨਹਿਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਸਾਰੀ ਰਾਤ ਕੰਮ ਕਰਦੇ ਰਹੇ। ਜਾਣਕਾਰੀ ਅਨੁਸਾਰ ਪਾਣੀ ’ਚ ਫਸੇ ਚਿਤਕਾਰਾ ਯੂਨੀਵਰਸਿਟੀ ਦੇ ਕਰੀਬ 910 ਵਿਦਿਆਰਥੀਆਂ ਅਤੇ 50 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਰਾਜ਼ੀ ਸਭਰਾ ਪਿੰਡ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 44 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਫ਼ੌਜ ਦੇ ਇੰਜਨੀਅਰਿੰਗ ਵਿੰਗ ਦੀਆਂ ਟੁੱਕੜੀਆਂ ਨੇ ਬੰਨ੍ਹ ਦੀ ਮੁਰੰਮਤ ਕਰਕੇ ਸਰਹਿੰਦ ਨਹਿਰ ਨੂੰ ਟੁੱਟਣ ਤੋਂ ਬਚਾਉਣ ਵਿੱਚ ਮਦਦ ਕੀਤੀ, ਜਿਸ ਨਾਲ ਦੋਰਾਹਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜ੍ਹ ਆਉਣ ਤੋਂ ਰੋਕਿਆ ਗਿਆ ਹੈ। ਫ਼ੌਜੀ ਜਵਾਨ ਪ੍ਰਭਾਵਿਤ ਖੇਤਰਾਂ ਵਿੱਚ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ ਘੱਟ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।