ਪੱਤਰ ਪ੍ਰੇਰਕ
ਯਮੁਨਾਨਗਰ, 13 ਅਕਤੂਬਰ
ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਵਿੱਚ ਹੈੱਡਕੁਆਟਰ ਵੱਲੋਂ ਛੁੱਟੀਆਂ ਵਿੱਚ ਕਟੌਤੀ ਕਰਨ ’ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸਾਂਝਾ ਮੋਰਚਾ ਦੇ ਸੀਨੀਅਰ ਆਗੂਆਂ ਜੈ ਭਗਵਾਨ ਕਾਦੀਆਂ, ਵਿਨੋਦ ਸ਼ਰਮਾ, ਰਮੇਸ਼ ਸਿਓਕੰਦ, ਵਰਿੰਦਰ ਸਿੰਗਰੋਹਾ, ਦਿਨੇਸ਼ ਹੁੱਡਾ, ਸੁਖਵਿੰਦਰ ਬਿਆਣਾ, ਅਮਿਤ ਮਹਿਰਾਣਾ ਅਤੇ ਵਰਿੰਦਰ ਲੋਹੀਆ ਨੇ ਇਹ ਪੱਤਰ ਜਾਰੀ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਆਏ ਦਿਨ ਕਰਮਚਾਰੀਆਂ ਦੇ ਖ਼ਿਲਾਫ਼ ਤੁਗਲਕੀ ਫ਼ਰਮਾਨ ਜਾਰੀ ਕਰਕੇ ਰੋਡਵੇਜ਼ ਕਾਮਿਆਂ ਨੂੰ ਪ੍ਰੇਸ਼ਾਨ ਕਰਨ ਅਤੇ ਅੰਦੋਲਨ ਕਰਨ ਲਈ ਮਜ਼ਬੂਰ ਕਰ ਰਹੀ ਹੈ ਜਦਕਿ ਰੋਡਵੇਜ਼ ਕਰਮਚਾਰੀ ਸੇਵਾ ਦਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਰੜਾ ਨਿਯਮ 1995 ਦਾ ਹਵਾਲਾ ਦੇ ਕੇ ਕਰਮਚਾਰੀਆਂ ਦੀ ਕਮਾਈ ਵਾਲੀ, ਕੈਜ਼ੂਅਲ ਅਤੇ ਮੈਡੀਕਲ ਲੀਵ ਵਿੱਚ ਕਟੌਤੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਮੋਰਚੇ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਛੁੱਟੀ ਕਟਤੀ ਦਾ ਪੱਤਰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਅਤੇ ਪਹਿਲਾਂ ਵਾਂਗ ਛੁੱਟੀਆਂ ਜਾਰੀ ਰੱਖੀਆਂ ਜਾਣ । ਕਰਮਚਾਰੀ ਨੇਤਾਵਾਂ ਨੇ ਹੈੱਡ ਮਕੈਨਿਕ, ਹੈੱਡ ਇਲੈਕਟ੍ਰੀਸ਼ੀਅਨ, ਹੈੱਡ ਵੈਲਡਰ, ਹੈੱਡ ਕਾਰਪੇਂਟਰ, ਸਬ-ਇੰਸਪੈਕਟਰ, ਐਸਟੈਬਲਿਸ਼ਮੈਂਟ ਸੈੱਡ ਅਸਿਸਟੈਂਟ, ਜੂਨੀਅਰ ਆਡੀਟਰ, ਅਕਾਊਂਟੈਂਟ, ਸੁਪਰਡੈਂਟ ਅਤੇ ਚੀਫ ਇੰਸਪੈਕਟਰ ਦੀਆਂ ਅਸਾਮੀਆਂ ’ਤੇ ਤਰੱਕੀਆਂ ਜਾਰੀ ਕਰਨ ਦੀ ਵੀ ਮੰਗ ਕਰਦਿਆਂ ਕਰਮਚਾਰੀ ਸਾਂਝਾ ਮੋਰਚਾ ਵੱਲੋਂ ਦਿੱਤੇ 30 ਸੂਤਰੀ ਮੰਗ ਪੱਤਰ ਨੂੰ ਲਾਗੂ ਕਰਨ ਦੀ ਮੰਗ ਕੀਤੀ । ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਮੰਗਾਂ ਨਾ ਮੰਗੀਆਂ ਤਾਂ ਫਰੰਟ ਦੀ ਮੀਟਿੰਗ ਬੁਲਾ ਕੇ ਸੰਘਰਸ਼ ਵਿੱਢਣ ਲਈ ਰਣਨੀਤੀ ਬਣਾਈ ਜਾਵੇਗੀ।