ਪੱਤਰ ਪ੍ਰੇਰਕ
ਯਮੁਨਾਨਗਰ, 11 ਅਕਤੂਬਰ
ਮਿਲਾਵਟੀ ਮਿਲਕ ਕੇਕ ਬਣਾਏ ਜਾਣ ਦੀ ਸ਼ਿਕਾਇਤ ਮਿਲਣ ਮਗਰੋਂ ਮੁੱਖ ਮੰਤਰੀ ਫਲਾਇੰਗ ਸਕੁਐਡ ਹਰਿਆਣਾ ਮੰਡਲ ਅੰਬਾਲਾ, ਫੂਡ ਸੇਫਟੀ ਅਫਸਰ ਪ੍ਰੇਮ ਸਿੰਘ ਅਤੇ ਯਮੁਨਾਨਗਰ ਦੀ ਸਾਂਝੀ ਟੀਮ ਵੱਲੋਂ ਰਾਣਾ ਸਵੀਟ ਸ਼ਾਪ ਪਿੰਡ ਕਲਾਪੁਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਟੀਮ ਨੇ ਮੌਕੇ ’ਤੇ ਜਾ ਕੇ ਦੁਕਾਨ ’ਚੋਂ 24 ਕੁਇੰਟਲ ਤਿਆਰ ਮਿਲਕ ਕੇਕ ਬਰਾਮਦ ਕੀਤਾ। ਦੁਕਾਨ ਦੇ ਮਾਲਕ ਵਿਕਾਸ ਰਾਣਾ ਵਲੋਂ ਟੀਮ ਨੂੰ ਦੱਸਿਆ ਗਿਆ ਕਿ ਇਹ ਮਿਲਕ ਕੇਕ ਸਕਿਮਡ ਮਿਲਕ ਰਾਹੀਂ ਤਿਆਰ ਕੀਤਾ ਜਾਂਦਾ ਹੈ ਅਤੇ ਤਿਆਰ ਮਾਲ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੇਚਿਆ ਜਾਂਦਾ ਹੈ। ਮੌਕੇ ’ਤੇ ਮੌਜੂਦ ਅਫਸਰਾਂ ਵੱਲੋਂ ਮਿਲਕ ਕੇਕ, ਸਕਿਮਡ ਮਿਲਕ ਅਤੇ ਲਿਕਵਿਡ ਸਕਿਮਡ ਮਿਲਕ ਖਾਧ ਪਦਾਰਥਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਫੂਡ ਲੈਬ ਵਿੱਚ ਜਾਂਚ ਲਈ ਭੇਜਿਆ। ਐੱਸਡੀਓ ਨਰੇਸ਼ ਕੁਮਾਰ ਨੇ ਭੱਠੀਆਂ ਚਲਾਉਣ ਸਬੰਧੀ ਪ੍ਰਦੂਸ਼ਣ ਵਿਭਾਗ ਦੇ ਕੋਈ ਦਸਤਾਵੇਜ਼ ਨਾ ਮਿਲਣ ’ਤੇ ਉਪਰੋਕਤ ਫਰਮ ਦੇ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ।