ਪੱਤਰ ਪ੍ਰੇਰਕ
ਯਮੁਨਾਨਗਰ, 30 ਜਨਵਰੀ
ਡੀਸੀ ਕੈਪਟਨ ਮਨੋਜ ਕੁਮਾਰ ਨੇ ਅੱਜ ਕੁਆਲਿਟੀ ਮਾਰਕੀਟਿੰਗ ਸੈਂਟਰ ’ਤੇ ਅਚਾਨਕ ਛਾਪਾ ਮਾਰਿਆ। ਇੱਥੇ ਕਰੋੜਾਂ ਰੁਪਏ ਦੀਆਂ ਖਸਤਾਹਾਲ ਮਸ਼ੀਨਾਂ ਦੇਖ ਕੇ ਉਹ ਹੈਰਾਨ ਰਹਿ ਗਏ। ਇਸ ਦੌਰਾਨ ਵਿਭਾਗ ਦੀ ਡਿਪਟੀ ਡਾਇਰੈਕਟਰ ਰੇਣੂ ਮਾਥੁਰ ਅਤੇ ਤਕਨੀਕੀ ਸਹਾਇਕ ਕੁਲਦੀਪ ਨੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਪਰ ਡੀਸੀ ਉਨ੍ਹਾਂ ਦੀਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਹੋਏ। ਡੀਸੀ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇੱਥੋਂ ਦਾ ਸਿਸਟਮ ਠੀਕ ਨਹੀਂ ਹੈ। ਇਸ ਕੇਂਦਰ ਵਿੱਚ ਲੰਮੇ ਸਮੇਂ ਤੋਂ ਰੈਗੂਲਰ ਕੰਮ ਨਹੀਂ ਹੋ ਰਿਹਾ ਅਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਖਸਤਾ ਹਾਲਤ ਵਿੱਚ ਹੈ। ਵਿਭਾਗ ਦੇ ਬਾਇਲਰ ਵਿਭਾਗ ਵਿੱਚ ਤਕਨੀਕੀ ਮਾਹਿਰਾਂ ਦੀ ਮੌਜੂਦਗੀ ਦੀ ਥਾਂ ’ਤੇ ਸੇਵਾਦਾਰ ਪਾਏ ਗਏ। ਉਨ੍ਹਾਂ ਕਿਹਾ ਕਿ ਬਣਦੀ ਕਾਰਵਾਈ ਲਈ ਡਾਇਰੈਕਟਰ ਆਫ ਇੰਡਸਟਰੀ ਨੂੰ ਪੱਤਰ ਲਿਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਪਲਾਈਵੁੱਡ ਅਤੇ ਹੋਰ ਯੂਨਿਟਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਛੋਟੇ-ਵੱਡੇ ਬਾਇਲਰ ਹਨ ਜਿਨ੍ਹਾਂ ਵਿੱਚ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇੱਥੇ ਤਿੰਨ ਵਿਭਾਗ ਹਨ ਪਰ ਤਿੰਨਾਂ ਵਿੱਚ ਹੀ ਵਿਵਸਥਾ ਠੀਕ ਨਹੀਂ ਮਿਲੀ। ਜਗਾਧਰੀ ਬੱਸ ਸਟੈਂਡ ਦੇ ਸਾਹਮਣੇ ਕੁਆਲਿਟੀ ਮਾਰਕੀਟਿੰਗ ਦੀ ਖੰਡਰ ਇਮਾਰਤ ਵਿੱਚ ਟੈਕਨੀਕਲ, ਮਾਰਕੀਟਿੰਗ ਅਤੇ ਬਾਇਲਰ ਵਿਭਾਗ ਚੱਲਦੇ ਹਨ। ਇਨ੍ਹਾਂ ਵਿਭਾਗਾਂ ਦੇ ਬਿਜਲੀ ਮੀਟਰ ਵੱਖਰੇ ਤੌਰ ’ਤੇ ਲਗਾਏ ਗਏ ਹਨ। ਡੀਸੀ ਨੇ ਮੌਕੇ ’ਤੇ ਸਿਰਫ਼ ਬਿਜਲੀ ਦੇ ਮੀਟਰ ਹੀ ਕੰਮ ਕਰਦੇ ਪਾਏ। ਹੋਰ ਮਸ਼ੀਨਾਂ ਚੱਲਣ ਦੀ ਹਾਲਤ ਵਿੱਚ ਨਹੀਂ ਸਨ। ਇੱਥੇ 17 ਮੁਲਾਜ਼ਮਾਂ ਦੀਆਂ ਅਸਾਮੀਆਂ ਹਨ ਪਰ ਚਾਰ ਤੋਂ ਪੰਜ ਮੁਲਾਜ਼ਮ ਮੌਕੇ ’ਤੇ ਤਾਇਨਾਤ ਹਨ। ਡਿਪਟੀ ਡਾਇਰੈਕਟਰ ਰੇਣੂ ਮਾਥੁਰ ਨੇ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ ਕਰੀਬ ਪੰਜ ਸਾਲ ਪਹਿਲਾਂ ਹੋਈ ਸੀ। ਇਸ ਇਮਾਰਤ ਨੂੰ ਸਾਲ 2010 ਵਿੱਚ ਕੰਡਮ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਡੀਸੀ ਸਾਹਮਣੇ ਮੰਨਿਆ ਕਿ ਮਸ਼ੀਨਾਂ ਵੀ ਕੰਡਮ ਹੋ ਗਈਆਂ ਹਨ। ਡੀਸੀ ਨੇ ਤਿੰਨਾਂ ਵਿਭਾਗਾਂ ਦੀਆਂ ਲੈਬਾਂ ਅਤੇ ਵਰਕਸ਼ਾਪਾਂ ਦਾ ਨਿਰੀਖਣ ਕੀਤਾ ਅਤੇ ਇੱਥੇ ਮਸ਼ੀਨਾਂ ਦੀ ਦੁਰਦਸ਼ਾ ਦੇਖ ਕੇ ਡਿਪਟੀ ਡਾਇਰੈਕਟਰ ਤੋਂ ਸਵਾਲ ਵੀ ਕੀਤੇ ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ।
ਡੀਸੀ ਨੇ ਲੈਬ ਵਿੱਚ ਪਹੁੰਚ ਕੇ ਤਕਨੀਕੀ ਮਾਹਿਰ ਤੋਂ ਇੱਥੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਲਈ। ਜ਼ਿਲ੍ਹੇ ਵਿੱਚ ਭਾਂਡਿਆਂ ਅਤੇ ਪਲਾਈ ਬੋਰਡ ਦਾ ਚੰਗਾ ਕਾਰੋਬਾਰ ਹੋਣ ਕਰਕੇ 2 ਏਕੜ ਵਿੱਚ ਕੁਆਲਿਟੀ ਮਾਰਕੀਟਿੰਗ ਸੈਂਟਰ ਇੱਥੇ 50 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਜਿਸ ਵਿੱਚ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਸਨ । ਇਸ ਸਮੇਂ ਜ਼ਿਆਦਾਤਰ ਮਸ਼ੀਨਾਂ ’ਤੇ ਧੂੜ ਜੰਮੀ ਹੋਈ ਹੈ। ਕੁੱਝ ਅਜਿਹੀਆਂ ਮਸ਼ੀਨਾਂ ਹਨ ਜਿਨ੍ਹਾਂ ਨਾਲ ਜਾਂਚ ਤੋਂ ਬਾਅਦ ਪਤਾ ਚਲਦਾ ਹੈ ਕਿ ਕਿਸੇ ਭਾਂਡੇ ’ਚ ਕਿਸ ਤਰ੍ਹਾਂ ਦੀਆਂ ਧਾਤਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਕਿੰਨੀ ਮਾਤਰਾ ਵਿੱਚ ਕਿਹੜੀ ਕਿਹੜੀ ਧਾਤ ਹੈ।