ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਨਵੰਬਰ
ਖੇਤੀ ਸੋਧ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਨੂੰ ਕੂਚ ਕਰਨ ਪਹਿਲਾਂ ਤੋਂ ਬੀਤੀ ਅੱਧੀ ਰਾਤ ਪੁਲੀਸ ਨੇ ਕਿਸਾਨ ਨੇਤਾਵਾਂ ਤੇ ਘਰ ਛਾਪੇਮਾਰੀ ਕੀਤੀ। ਰਤੀਆ ਦੇ ਕਿਸਾਨ ਨੇਤਾ ਮਨਦੀਪ ਨੱਥਵਾਨ ਦੇ ਘਰ ਨੂੰ ਪੁਲੀਸ ਨੇ ਘੇਰਿਆ ਤੇ ਉਹ ਘਰ ਨਹੀਂ ਮਿਲੇ। ਦੂਜੇ ਨਿਸ਼ਾਨੇ ਤੇ ਰਾਮਚੰਦਰ ਸਹਿਨਾਲ ਨੂੰ ਪੁਲੀਸ ਨੇ ਉਸਦੇ ਘਰੋਂ ਚੁੱਕ ਲਿਆ। ਸ਼ੋਸਲ ਮੀਡੀਆਂ ’ਤੇ ਮਾਮਲਾ ਵਾਇਰਲ ਹੋਣ ਮਗਰੋਂ ਬਾਕੀ ਕਿਸਾਨ ਆਗੂ ਰੂਪੋਸ਼ ਹੋ ਗਏ ਤੇ ਮਨਦੀਪ ਨੱਥਵਾਨ ਨੇ ਕਈ ਵੀਡੀਓ ਜਾਰੀ ਕਰਕੇ ਸਰਕਾਰ ਦੇ ਪੁਤਲੇ ਸਾੜਨ ਲਈ ਕਹਿਣ ਤੇ ਜਾਖਲ ਕੁਲਾਂ ਸੜਕ ਤੇ ਕਿਸਾਨ ਤਲਵਾੜਾ ਸੜਕ ਜਾਮ ਕਰ ਦਿੱਤੀ ਤੇ ਭਾਜਪਾ ਆਗੂਆਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ। ਦਿੱਲੀ ਕੂਚ ਲਈ ਜ਼ਿਲ੍ਹਾਂ ਪੱਧਰੀ ਮੀਟਿੰਗ ਰਤੀਆ ਵਿੱਚਲੀ ਰੱਦ ਕਰ ਦਿੱਤੀ ਗਈ। ਉਧਰ ਡਬਵਾਲੀ ਕੌਮੀ ਸੜਕ ’ਤੇ ਟੌਲ ਪਲਾਜ਼ਾ ਉਤੇ ਧਰਨੇ ’ਤੇ ਬੈਠੇ ਕਿਸਾਨ ਨੂੰ ਰਾਤ ਪੁਲੀਸ ਚੁੱਕੇ ਲੈ ਜਾਣ ’ਤੇ ਕਿਸਾਨਾਂ ਵਿੱਚ ਰੋਸ ਫੈਲ ਗਿਆ। ਰਤੀਆ ਵਿੱਚ ਕਿਸਾਨਾਂ ਨੇ ਭਗਤ ਸਿੰਘ ਚੌਂਕ ਵਿੱਚ ਰੋਸ ਵਿਖਾਵਾ ਕਰਕੇ ਭਾਜਪਾ-ਜਜਪਾ ਗੱਠਜੋੜ ਸਰਕਾਰ ਦੇ ਪੁੱਤਲੇ ਸਾੜੇ ਅਤੇ ਉਨ੍ਹਾਂ ਅਹਿਦ ਲਿਆ ਕਿ ਉਹ ਹੁਣ ਪੁਲੀਸ ਛਾਪਿਆਂ ਤੋਂ ਡਰਨ ਵਾਲੇ ਨਹੀਂ, ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਲੜਦੇ ਰਹਿਣਗੇ। ਕਿਸਾਨ ਜੱਥੇਬੰਦੀਆਂ ਨੇ ਸਰਕਾਰ ਕਰੋਨਾ ਦਾ ਭੈਅ ਵਿਖਾਕੇ ਕਿਸਾਨਾਂ ਨੂੰ ਨਹੀਂ ਡਰਾ ਸਕਦੀ। ਵਿਖਾਵਾਕਾਰੀਆਂ ਵਿੱਚ ਔਰਤਾਂ ਸ਼ਾਮਲ ਹੋਣ ਤੇ ਵੀ ਪੁਲੀਸ ਭੈਅ ਵਿੱਚ ਹੈ।
ਯਮੁਨਾਨਗਰ (ਦੇਵਿੰਦਰ ਸਿੰਘ): ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕੌਮੀ ਹੜਤਾਲ ਅਤੇ ਦਿੱਲੀ ਕੂਚ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਰਾਤ ਨੂੰ ਚੁੱਕ ਕੇ ਲੈ ਗਈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ, ਬਿਲਾਸਪੁਰ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਲੇਮਪੁਰ ਅਤੇ ਸਢੌਰਾ ਬਲਾਕ ਦੇ ਪ੍ਰਧਾਨ ਸਤਪਾਲ ਮਾਨਕਪੁਰ ਨੂੰ ਰਾਤੀਂ ਦੋ ਵਜੇ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਪੁਲੀਸ ਲੈ ਗਈ। ਇਸ ਸਬੰਧ ਵਿੱਚ ਗੁੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਰਾਸਤ ਵਿੱਚ ਲੈਣ ਆਏ ਪੁਲੀਸ ਅਧਿਕਾਰੀਆਂ ਨੇ ਸਰਕਾਰੀ ਹੁਕਮਾਂ ਦੀ ਗੱਲ ਕਰਦਿਆਂ ਕਿਸਾਨ ਸੰਗਠਨ ਨਾਲ ਜੁੱੜੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣਾ ਲਾਜ਼ਮੀ ਦੱਸਿਆ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਰਤਨ ਮਾਨ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਫਰੀਦਾਬਾਦ (ਕੁਲਵਿੰਦਰ ਦਿਓਲ): ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਦੇ ਐਨਸੀਆਰ ਦੇ ਇਲਾਕਿਆਂ ਵਿੱਚ ਖੇਤੀਬਾੜੀ ਬਿੱਲਾਂ ਖ਼ਿਲਾਫ਼ ਅੰਦੋਲਨ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਤੇ ਉਸ ਤਰ੍ਹਾਂ ਦੀ ਤਿਆਰੀ ਕਿਸੇ ਹਿੱਸੇ ਵਿੱਚੋਂ ਦਿਖਾਈ ਨਹੀਂ ਦਿੱਤੀ ਜਿਵੇਂ ਪੰਜਾਬ ਤੇ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਇਲਾਕਿਆਂ ਵਿੱਚ ਬਹੁਤ ਜ਼ੋਰ ਹੈ। ਪਲਵਲ, ਫਰੀਦਾਬਾਦ, ਸੋਨੀਪਤ, ਪਾਣੀਪਤ, ਗੁਰੂਗ੍ਰਾਮ ਦੇ ਹਰਿਆਣਾ ਦੇ ਇਲਾਕਿਆਂ ਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗਾਜ਼ੀਆਬਾਦ ਆਦਿ ਵਿਖੇ ਕਿਸਾਨ ਜੱਥੇਬੰਦੀਆਂ ਨੇ ਸਰਗਰਮੀਆਂ ਨਹੀਂ ਦਿਖਾਈਆਂ। ਹਾਲਾਂ ਕਿ ਖੱਬੀਆਂ ਧਿਰਾਂ ਦੇ ਕਾਰਕੁਨਾਂ ਦੀਆਂ ਸਰਗਰਮੀਆਂ ਜ਼ਰੂਰ ਰੜਕੀਆਂ ਹਨ।
ਰਤੀਆ ਦੇ ਕਿਸਾਨ ਦਿੱਲੀ ਚੱਲੋ ਅੰਦੋਲਨ ’ਚ ਲੈਣਗੇ ਹਿੱਸਾ
ਰਤੀਆ (ਕੇਕੇ ਬਾਂਸਲ): ਦਿੱਲੀ ਵਿੱਚ 26 ਅਤੇ 27 ਨਵੰਬਰ ਨੂੰ ਕਿਸਾਨ ਅੰਦੋਲਨ ’ਚ ਰਤੀਆ ਦੇ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਹਿੱਸਾ ਲੈਣਗੇ। ਅਖਿਲ ਭਾਰਤ ਕਿਸਾਨ ਮਹਾਸਭਾ ਦੇ ਆਗੂ ਕਾ. ਸੁਖਵਿੰਦਰ ਸਿੰਘ ਰਤੀਆ, ਗੁਰਪ੍ਰੀਤ ਗੋਪੀ, ਬੱਬੂ ਅਤੇ ਛਿੰਦਾ ਰਤੀਆ ਨੇ ਕਿਹਾ ਕਿ ਇਸ ਬਾਰੇ ਕਿਸਾਨ ਮਜ਼ਦੂਰ ਭਲੀ-ਭਾਂਤ ਜਾਣ ਚੁੱਕੇ ਹਨ ਕਿ ਕੇਂਦਰ ਸਰਕਾਰ ਕਰੋਨਾ ਮਹਾਮਾਰੀ ਦੀ ਆੜ ’ਚ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਕਿਸੇ ਵੀ ਕੀਮਤ ’ਤੇ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਬਿਹਾਰ ਚੋਣਾਂ ਵੇਲੇ ਕਰੋਨਾ ਕਿਥੇ ਚਲਾ ਗਿਆ ਸੀ ਅਤੇ ਹੁਣ ਕਿਉਂ ਫੈਲਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿਨ੍ਹਾ ਮਰਜ਼ੀ ਜ਼ੋਰ ਲਾ ਲਵੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਿਰੇ ਲਾ ਕੇ ਛੱਡਣਗੇ। ਇਸ ਮੌਕੇ ਬਹੁਤ ਸਾਰੇ ਕਿਸਾਨ ਮਜ਼ਦੂਰ ਉਨ੍ਹਾਂ ਨਾਲ ਹਾਜ਼ਰ ਸਨ।