ਗੁੜਗਾਓਂ, 17 ਜੁਲਾਈ
ਹਰਿਆਣਾ ਵਿੱਚ ਮਾਨੇਸਰ ਦੇ ਇਕ ਹੋਟਲ ’ਚ ਖੱਟਰ ਸਰਕਾਰ ਦੀ ਕਥਿਤ ‘ਮਹਿਮਾਨਨਿਵਾਜ਼ੀ’ ਦਾ ਆਨੰਦ ਲੈ ਰਹੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਖੇਮੇ ਨਾਲ ਸਬੰਧਤ ਵਿਧਾਇਕਾਂ ਤੋਂ ਪੁੱਛਪੜਤਾਲ ਲਈ ਗਈ ਰਾਜਸਥਾਨ ਪੁਲੀਸ ਦੀ ਸ਼ੁੱਕਰਵਾਰ ਸ਼ਾਮ ਨੂੰ ਹਰਿਆਣਾ ਦੇ ਪੁਲੀਸ ਮੁਲਾਜ਼ਮਾਂ ਵੱਲੋੋਂ ਕਥਿਤ ਖਿੱਚਧੂਹ ਕੀਤੀ ਗਈ। ਰਾਜਸਥਾਨ ਪੁਲੀਸ ਐੱਸਪੀ ਵਿਕਾਸ ਸ਼ਰਮਾ ਦੀ ਅਗਵਾਈ ਵਿੱਚ ਮਾਨੇਸਰ ਦੇ ਆਈਟੀਸੀ ਗਰੈਂਡ ਭਾਰਤ ਹੋਟਲ ਪੁੱਜੀ ਸੀ। ਟੀਮ ਤਿੰਨ ਐੱਫਆਈਆਰ ਦਰਜ ਹੋਣ ਮਗਰੋਂ, ਪਿਛਲੇ ਇਕ ਹਫ਼ਤੇ ਤੋਂ ਹੋਟਲ ਵਿੱਚ ਰੁਕੇ ਪਾਇਲਟ ਖੇਮੇ ਦੇ ਬਾਗ਼ੀ ਆਗੂਆਂ ਦੇ ਬਿਆਨ ਕਲਮਬੰਦ ਕਰਨ ਲਈ ਆਈ ਸੀ। ਜਾਣਕਾਰੀ ਅਨੁਸਾਰ ਜਿਵੇਂ ਹੀ ਪੁਲੀਸ ਟੀਮ ਹੋਟਲ ਵਿੱਚ ਦਾਖ਼ਲ ਹੋਣ ਲੱਗੀ ਤਾਂ ਗੇਟ ’ਤੇ ਤਾਇਨਾਤ ਨਿੱਜੀ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਲਦੀ ਹੀ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਤੋਂ ਇਲਾਵਾ 15 ਤੋਂ 20 ਚਿੱਟ ਕੱਪੜੀ ਬਾਊਂਸਰ ਵੀ ਉਥੇ ਪੁੱਜ ਗਏ। ਇਸ ਦੌਰਾਨ ਦੋਵੇਂ ਧਿਰਾਂ ਧੱਕਾ-ਮੁੱਕੀ ਹੋਈਆਂ। ਸੂਤਰਾਂ ਮੁਤਾਬਕ ਹੋਟਲ ਵਿੱਚ ਪਾਇਲਟ ਖੇਮੇ ਨਾਲ ਸਬੰਧਤ 12 ਵਿਧਾਇਕ ਅਜੇ ਵੀ ਮੌਜੂਦ ਹਨ, ਜਿਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ। ਨੂਹ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। -ਆਈਏਐੱਨਐੱਸ