ਜੈਪੁਰ:
ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਤੇ ਹਰਿਆਣਾ ਤੋਂ ਪਾਰਟੀ ਦੀ ਆਗੂ ਕਿਰਨ ਚੌਧਰੀ ਕ੍ਰਮਵਾਰ ਰਾਜਸਥਾਨ ਤੇ ਹਰਿਆਣਾ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ। ਰਾਜ ਸਭਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਸੀ। ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਜੌਰਜ ਕੁਰੀਅਨ ਮੱਧ ਪ੍ਰਦੇਸ਼ ਤੋਂ, ਅਭਿਸ਼ੇਕ ਸਿੰਘਵੀ ਤਿਲੰਗਾਨਾ ਤੋਂ, ਮਮਤਾ ਮੋਹੰਤਾ ਉੜੀਸਾ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਤੇ ਸੁਪਰੀਮ ਕੋਰਟ ਦੇ ਵਕੀਲ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ ਉਪਰਲੇ ਸਦਨ ਦੀ ਜ਼ਿਮਨੀ ਚੋਣ ਲਈ ਨਿਰਵਿਰੋਧ ਚੁਣੇ ਗਏ ਹਨ। ਰਾਜਸਥਾਨ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਬਿੱਟੂ ਸਣੇ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ, ਜਿਨ੍ਹਾਂ ਵਿਚੋਂ ਇਕ ਭਾਜਪਾ ਦਾ ਡੰਮੀ ਉਮੀਦਵਾਰ ਸੀ। ਨਾਮਜ਼ਦਗੀਆਂ ਦੀ ਜਾਂਚ-ਪੜਤਾਲ ਦੌਰਾਨ 22 ਅਗਸਤ ਨੂੰ ਆਜ਼ਾਦ ਉਮੀਦਵਾਰ ਬਬੀਤਾ ਵਧਵਾਨੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ। ਰਾਜਸਥਾਨ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਨੇ ਬਿੱਟੂ ਦੇ ਅਧਿਕਾਰਤ ਚੋਣ ਏਜੰਟ ਯੋਗੇਂਦਰ ਸਿੰਘ ਤੰਵਰ ਨੂੰ ਸਰਟੀਫਿਕੇਟ ਸੌਂਪਿਆ।
ਚੰਡੀਗੜ੍ਹ(ਟਨਸ): ਹਰਿਆਣਾ ਵਿਧਾਨ ਸਭਾ ਵਿਚ ਰਾਜ ਸਭਾ ਚੋਣ ਦੇ ਰਿਟਰਨਿੰਗ ਅਧਿਕਾਰੀ ਸਾਕੇਤ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਤੇ ਸਾਬਕਾ ਵਿਧਾਇਕ ਕਿਰਨ ਚੌਧਰੀ ਨੂੰ ਰਾਜ ਸਭਾ ਮੈਂਬਰ ਦਾ ਪੱਤਰ ਸੌਂਪਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ। ਕਿਰਨ ਚੌਧਰੀ ਨੇ 21 ਅਗਸਤ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਆਪਣੇ ਕਾਗਜ਼ ਦਾਖਲ ਕੀਤੇ ਸਨ। ਅੱਜ ਦੁਪਹਿਰੇ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਮੁੱਕਣ ਮਗਰੋਂ ਕਿਰਨ ਚੌਧਰੀ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ।